ਕਿਸਾਨ ਨੇ ਕੀਤੀ ਆਤਮ ਹੱਤਿਆ, ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆਂ ‘ਚ ਸੋਗ ਦਾ ਮਾਹੌਲ

ਮੋਗਾ,13 ਜਨਵਰੀ (ਜਸ਼ਨ)- ਬੀਤੇ ਕੱਲ ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆਂ ਦੇ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ। ਉਸ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅੱਜ ਦੁਪਹਿਰ ਸਮੇਂ ਪੋਸਟ ਮਾਰਟਮ ਉਪਰੰਤ ਲਾਸ਼ ਪਰਿਵਾਰ ਵਾਲਿਆਂ  ਨੂੰ ਸੌਂਪ ਦਿੱਤੀ । ਸਰਪੰਚ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਡੌਟ ਕੌਮ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕ ਖਜਾਨ ਸਿੰਘ ਪੁੱਤਰ ਜਗਜੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਪਰੇਸ਼ਾਨੀ ਵਿਚ ਸੀ ਜਿਸ ਦੇ ਚੱਲਦਿਆਂ ਉਸ ਨੇ ਕੱਲ ਸਵੇਰੇ ਸਲਫਾਸ ਖਾ ਲਈ ਪਰ ਉਸ ਦੀ ਹਾਲਤ ਵਿਗੜਨ ’ਤੇ ਉਸ ਨੂੰ ਮੋਗਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਦੱਸਿਆ ਮਿ੍ਰਤਕ ਕਿਸਾਨ ਕੋਲ ਖੁਦ ਕੋਈ ਜ਼ਮੀਨ ਨਹੀਂ ਸੀ ਪਰ ਉਹ ਠੇਕੇ ’ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ ਪਰ ਆਮਦਨ ਨਾ ਹੋਣ ਕਰਕੇ  ਉਸ ਦੇ ਸਿਰ 8-9 ਲੱਖ ਰੁਪਏ ਦਾ ਕਰਜ਼ ਸੀ ਜਿਸ ਕਰਕੇ ਮਾਨਸਿਕ ਬੋਝ ਨਾ ਸਹਾਰਦਿਆਂ ਉਸ ਨੇ ਇਹ ਘਾਤਕ ਕਦਮ ਚੁੱਕਿਆ। ਉਹਨਾਂ ਇਹ ਵੀ ਦੱਸਿਆ ਕਿ ਕਰਜ਼ਾ ਲਾਉਣ ਅਤੇ ਪੈਰਾਂ ਸਿਰ ਹੋਣ ਲਈ ਮਿ੍ਰਤਕ ਨੇ ਪਸ਼ੂਆਂ ਦਾ ਵਪਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਅਸਫ਼ਲ ਰਿਹਾ । ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਦੱਸਿਆ ਮਿ੍ਰਤਕ ਕਿਸਾਨ ਦਾ ਘਰ ਵੀ ਗਹਿਣੇ ਰੱਖਿਆ ਹੋਇਆ ਹੈ ।ਨਿਹਾਲ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੀ ਇਕ ਲੜਕੀ ਕੋਕਰੀ ਪਿੰਡ ਵਿਆਹੀ ਹੋਈ ਹੈ ਜਦਕਿ ਲੜਕਾ ਅਜੇ ਕੁਆਰਾ ਹੈ ਤੇ ਇੰਜ ਪਰਿਵਾਰ ਵਿਚ ਮਾਂ ਪੁੱਤ ਇਕੱਲੇ ਰਹਿ ਗਏ ਹਨ। ਉਹਨਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਦੌਰ ਨੂੰ ਰੋਕਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਤਾਂ ਕਿ ਇਸ ਵਰਤਾਰੇ ਨੂੰ ਠੱਲ ਪਾਈ ਜਾ ਸਕੇ।

 ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ