ਛੱਤ ਤੇ ਮੰਜੇ ਜੋੜ ਕੇ ਲਾਏ ਸਪੀਕਰ,ਪਰਵਿੰਦਰ ਸਿੰਘ ਗਿੱਲ ਘੱਲਕਲਾਂ ਦੇ ਵਿਆਹ ਮੌਕੇ

ਘੱਲਕਲਾਂ, 12 ਜਨਵਰੀ (ਬਲਰਾਜ ਸਿੰਘ)-ਸਮਾਂ ਬੜਾ ਬਲਵਾਨ ਹੈ ਅਤੇ ਇਸਨੇ ਕਈ ਰੰਗ ਵਿਖਾਏ ਹਨ ਅਤੇ ਦੇਸ਼ ਨੇ ਵਿਕਾਰ ਦੀਆ ਪੁਲਾਘਾਂ ਪੁੱਟੀਆਂ ਹਨ ਜਿਸ ਕਰਕੇ ਪੁਰਾਣੀਆਂ ਰੰਗਢੰਗ ਤੌਰ ਤਰੀਕੇ ਬਦਲ ਗਏ ਹਨ ਅਤੇ ਨਵੀਆਂ ਨੇ ਥਾਂ ਲੈ ਲਈ ਹੈ। ਅਜੇ ਵੀ ਕਈਆਂ ਨੂੰ ਯਾਦ ਹੋਵੇਗਾ ਕਿ ਜਦੋਂ ਕਿਸੇ ਦੇ ਵਿਆਹ ਸ਼ਾਦੀ ਮੰਗਣਾ ਜਾਂ ਕੋਈ ਸਮਾਗਮ ਹੁੰਦਾ ਸੀ ਤਾਂ ਬਰਾਤੀਆਂ ਮਹਿਮਾਨਾਂ ਨੂੰ ਝੰਜਘਰ ਵਿਚ ਠਹਿਰਾਇਆ ਜਾਂਦਾ ਸੀ। ਬਾਕੀ ਦੇ ਕੰਮ ਚਾਹ ਪਾਣੀ ਪਾਣਪੀਣ ਦਾ ਸਾਰਾ ਕੰਮ ਘਰ ਵਿਚ ਕੀਤਾ ਜਾਂਦਾ ਸੀ ਅਤੇ ਅਨੰਦਕਾਰਜ ਵੀ ਘਰਾਂ ਵਿਚ ਹੁੰਦੇ ਸਨ। ਸਮੇਂ ਦੀ ਕਰਵਟ ਨੇ ਸਭ ਬਦਲਤਾ। ਉਨਾਂ ਸਮਿਆਂ ਵਿਚ ਛੱਤ ਤੇ ਮੰਜੇ ਜੋੜ ਕੇ ਰੱਸਿਆਂ ਨਾਲ ਸਪੀਕਰ ਬੰਨੇ ਜਾਂਦੇ ਸਨ ਇਹ ਕੰਮ ਲਈ ਪਹਿਲਾਂ ਹੀ ਸਪੀਕਰਾਂ ਵਾਲਾ ਬੁੱਕ ਕੀਤਾ ਜਾਂਦਾ ਸੀ। ਇਹ ਸਪੀਕਰ ਹਫਤਾ ਹਫਤਾ ਪਹਿਲਾਂ ਲਾਏ ਜਾਂਦੇ ਸਨ ਅਤੇ ਸ਼ੌਕੀਨ ਮੁੰਡੇ ਮਸ਼ੀਨ ਵਾਲੇ ਕੋਲ ਬੈਠ ਕੇ ਮਨਪਸੰਦ ਦੇ ਗਾਣੇ ਲਵਾਕੇ ਸੁਣਦੇ ਸਨ। ਇਹ ਮਸ਼ੀਨਾਂ ਚਾਬੀ ਘੁਮਾਕੇ ਫਿਰ ਚੱਲਦੀਆਂ ਸੀ ਅਤੇ ਇੱਕ ਤਵੇ ਤੇ ਇੱਕ ਹੀ ਸੂਈ ਲੱਗਦੀ ਸੀ ਅਤੇ ਕਈ ਮੁੰਡੇ ਸਿਰਫ ਸੂਈਆਂ ਚੁੱਕਣ ਲਈ ਕੋਲ ਬੈਠਦੇ ਸਨ। ਇਹ ਇੱਕ ਵੱਖਰਾ ਸੱਭਿਆਚਾਰ ਸੀ ਜਿਹੜਾ ਹੁਣ ਅਲੋਪ ਹੋਣ ਦੇ ਕਿਨਾਰੇ ਹੈ। ਸਪੀਕਰਾਂ ਦੀ ਥਾਂ ਡੀ.ਜੇ. ਨੇ ਲੈ ਲਈ ਅਤੇ ਸਾਰੇ ਸਮਾਗਮਾਂ ਵਿਚ ਡੀ.ਜੇ. ਹੀ ਪ੍ਰਧਾਨ ਹੁੰਦਾ ਹੈ। ਕਾਫੀ ਸਮੇਂ ਬਾਅਦ ਪਿੰਡ ਘੱਲਕਲਾਂ ਦੇ ਪਰਵਿੰਦਰ ਸਿੰਘ ਗਿੱਲ ਦੇ ਵਿਆਹ ਵਿਚ ਪੁਰਾਤਨ ਸੱਭਿਆਚਾਰ ਦੇਖਣ ਨੂੰ ਮਿਲਿਆ ਅਤੇ ਘਰ ਦੀ ਗਲੀ ਵਿਚ ਰੱਸੀਆਂ ਲਾ ਕੇ ਰੰਗ ਬਰੰਗੀਆਂ ਝੰਡੀਆਂ ਲਈਆਂ ਗਈਆਂ ਅਤੇ ਘਰ ਦੀ ਛੱਤ ਤੇ ਮੰਜੇ ਜੋੜ ਕੇ ਸਪੀਕਰ ਲਾਏ ਗਏ ਅਤੇ ਮੁੰਡਿਆਂ ਨੇ ਪੁਰਾਤਨ ਸੱਭਿਆਚਾਰ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਪਰਵਿੰਦਰ ਸਿੰਘ ਗਿੱਲ ਅਤੇ ਉਸਦੇ ਪਿਤਾ ਹਰਦੇਵ ਸਿੰਘ ਗਿੱਲ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨਾਂ ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜਿਹੀਆਂ ਪੁਰਾਣੀਆਂ ਰਹਿਰੀਤਾਂ ਬਣਾਈ ਰੱਖਣੀਆਂ ਚਾਹੀਦੀਆਂ ਹਨ ਅਤੇ ਸਾਨੂੰ ਨੌਜਵਾਨਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਨਾ ਚਾਹੀਦਾ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ