ਨਵਜੋਤ ਸਿੰਘ ਸਿੱਧੂ ਵੱਲੋਂ ਬੋਰਡਾਂ ਉਪਰ ਵਿਕਾਸ ਕਾਰਜਾਂ ਬਾਬਤ ਜਾਣਕਾਰੀ ਨਸ਼ਰ ਕਰਨ ਦੇ ਹੁਕਮ

ਚੰਡੀਗੜ, 15 ਜਨਵਰੀ(ਜਸ਼ਨ) --ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਵਿਭਾਗ ਵੱਲੋਂ ਪਾਰਦਰਸ਼ੀ ਸੇਵਾਵਾਂ ਦੇਣ ਦੀ ਦਿਸ਼ਾ ਵਿੱਚ ਇਕ ਵੱਡਾ ਕਦਮ ਚੁੱਕਦਿਆਂ ਅੱਜ ਇਕ ਅਹਿਮ ਐਲਾਨ ਕਰਦੇ ਹੋਏ ਹੁਕਮ ਦਿੱਤੇ ਹਨ ਕਿ ਸੂਬੇ ਵਿੱਚ ਕਿਸੇ ਵੀ ਸਥਾਨ ਉਪਰ ਕੀਤੇ ਜਾ ਰਹੇ ਵਿਕਾਸ ਕੰਮਾਂ ਬਾਬਤ ਹਰ ਤਰਾਂ ਦੀ ਜਾਣਕਾਰੀ ਜਨਤਕ ਕੀਤੀ ਜਾਵੇ।ਸ. ਸਿੱਧੂ ਨੇ ਕਿਹਾ ਕਿ ਜਨਤਕ ਤੌਰ ’ਤੇ ਸਥਾਪਤ ਕੀਤੇ ਜਾਣ ਵਾਲੇ ਬੋਰਡਾਂ ਉਪਰ ਪ੍ਰਾਜੈਕਟ ਦੀ ਲਾਗਤ, ਪ੍ਰਾਜੈਕਟ ਸ਼ੁਰੂ ਹੋਣ ਦੀ ਮਿਤੀ ਅਤੇ ਖਤਮ ਹੋਣ ਦੀ ਮਿਤੀ, ਪ੍ਰਾਕੈਜਟ ਦੀਆਂ ਖਾਸੀਅਤਾਂ, ਇੰਜਨੀਅਰ ਇੰਚਾਰਜ ਅਤੇ ਠੇਕੇਦਾਰ ਦੇ ਨਾਮ ਅਤੇ ਸੰਪਰਕ ਨੰਬਰ ਵੀ ਨਸ਼ਰ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਹ ਹੁਕਮ ਸੂਬਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਵੱਲੋਂ ਇਕ ਸਾਫ ਸੁਥਰਾ ਅਤੇ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਉਲੀਕੀ ਗਈ ਰਣਨੀਤੀ ਦਾ ਅਹਿਮ ਹਿੱਸਾ ਹਨ।ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਨੇ ਮੰਤਰੀ ਸ. ਸਿੱਧੂ ਵੱਲੋਂ ਮਿਲੇ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਇਹ ਬੋਰਡ ਅਹਿਮ ਸਥਾਨਾਂ ਉਪਰ ਪ੍ਰਮੁੱਖਤਾ ਨਾਲ ਸਥਾਪਤ ਕੀਤੇ ਜਾਣਗੇ ਜਦੋਂ ਤੱਕ ਸਬੰਧਤ ਪ੍ਰਾਜੈਕਟ ਨੇਪਰੇ ਨਹੀਂ ਚੜ ਜਾਂਦਾ। ਉਨਾਂ ਦੱਸਿਆ ਕਿ ਇਸ ਨਿਵੇਕਲੀ ਪਹਿਲ ਨਾਲ ਜਿੱਥੇ ਕੰਮ ਦੀ ਗੁਣਵੱਤਾ ਨਾਲ ਸੁਧਾਰ ਹੋਵੇਗਾ ਉਥੇ ਆਮ ਲੋਕਾਂ ਨੂੰ ਵੀ ਉਨਾਂ ਦੇ ਖੇਤਰ ਨਾਲ ਸਬੰਧਤ ਪ੍ਰਾਜੈਕਟ ਬਾਰੇ ਮੁਕੰਮਲ ਜਾਣਕਾਰੀ ਮਿਲੇਗੀ। ਇਸ ਨਾਲ ਕੋਈ ਵੀ ਸ਼ਹਿਰੀ ਬੋਰਡ ਉਪਰ ਲਿਖੀ ਜਾਣਕਾਰੀ ਅਨੁਸਾਰ ਕੰਮ ਦੀ ਖੁਦ ਆਡਿਟ ਕਰ ਸਕਿਆ ਕਰਨਗੇ ਅਤੇ ਜੇਕਰ ਕੋਈ ਵੀ ਕੰਮ ਬੋਰਡ ਵਿੱਚ ਲਿਖੇ ਦੇ ਉਲਟ ਹੁੰਦਾ ਹੈ ਤਾਂ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕਰ ਸਕਣਗੇ। ਉਨਾਂ ਇਹ ਵੀ ਕਿਹਾ ਕਿ ਬੋਰਡ ਉਪਰ ਪ੍ਰਾਜੈਕਟ ਦੇ ਮਾਡਲ ਦੀ ਤਸਵੀਰ ਵੀ ਹੋਵੇਗੀ ਅਤੇ ਪ੍ਰਾਜੈਕਟ ਮੁਕੰਮਲ ਹੋਣ ਉਪਰੰਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਮਾਡਲ ਉਪਰ ਅੰਕਿਤ ਤਸਵੀਰ ਅਨੁਸਾਰ ਹੀ ਪ੍ਰਾਜੈਕਟ ਪੂਰਾ ਹੋਇਆ ਹੈ।
**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


