ਸੁਖਾਨੰਦ ਕਾਲਜ ਦੀ ਰੱਸਾਕਸ਼ੀ ਦੀ ਟੀਮ ਰਹੀ ਚੈਂਪੀਅਨ

ਸੁਖਾਨੰਦ,17 ਜਨਵਰੀ(ਜਸ਼ਨ)-ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਇੰਟਰ-ਕਾਲਜ ਰੱਸਾਕਸ਼ੀ ਟੂਰਨਾਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ’ਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਮੋਗਾ ਦੀ ਰੱਸਾਕਸ਼ੀ ਦੀ ਟੀਮ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ।ਇਸ ਟੂਰਨਾਮੈਂਟ ਵਿੱਚ 40 ਤੋਂ ਵੱਧ ਵੱਖ—ਵੱਖ ਕਾਲਜਾਂ ਨੇ ਭਾਗ ਲਿਆ ਸੀ ਜਿਸ ਵਿੱਚ ਸੁਖਾਨੰਦ ਕਾਲਜ ਦੀ ਟੀਮ ਚੈਂਪੀਅਨ ਰਹੀ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ.ਸੁਖਵਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਵਿੱਚੋਂ 10 ਖਿਡਾਰਨਾਂ  ਆਲ ਇੰਡਿਆ ਇੰਟਰ-ਯੂਨੀਵਰਸਿਟੀ ਕੈਂਪ ਲਈ ਚੁਣੀਆਂ ਗਈਆਂ ਹਨ। ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ—ਚੇਅਰਮੈਨ ਸ.ਮੱਖਣ ਸਿੰਘ ਅਤੇ ਪ੍ਰਿੰਸੀਪਲ ਡਾ.ਸੁਖਵਿੰਦਰ ਕੌਰ ਨੇ ਕਿਹਾ ਕਿ ਇਸ ਸਫ਼ਲਤਾ ਦਾ ਸਿਹਰਾ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ:ਸੁਖਜੀਤ ਕੌਰ ਢਿੱਲੋਂ ਅਤੇ ਸਹਾਇਕ ਪ੍ਰੋਫ਼ੈਸਰ ਕਿਰਨਜੀਤ ਕੌਰ ਅਤੇ ਕੋਚ ਜਿੰਨ੍ਹਾਂ ਨੇ ਇੰਨੀ ਮਿਹਨਤ ਕਰਵਾਈ ਹੈ, ਨੂੰ ਜਾਂਦਾ ਹੈ।ਉਹਨਾਂ ਨੇ ਇਸ ਵੱਡੀ ਪ੍ਰਾਪਤੀ ਲਈ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਅੱਗੇ ਦੁਆ ਕੀਤੀ ਕਿ ਭਵਿੱਖ ਵਿੱਚ ਇਹ ਖਿਡਾਰਨਾਂ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ।