ਸੇਖਾ ਕਲਾਂ 'ਚ ਬਿਨਾਂ ਲਾਇਸੰਸ ਚੱਲ ਰਹੇ ਮੈਡੀਕਲ ਸਟੋਰ ਬੰਦ ਕਰਾਉਣ ਦੀ ਕੀਤੀ ਮੰਗ
ਸਮਾਲਸਰ,18 ਜਨਵਰੀ (ਗਗਨਦੀਪ)-ਗੁਆਂਢੀ ਪਿੰਡ ਸੇਖਾ ਕਲਾਂ ਵਿੱਚ ਬਿਨਾਂ ਲਾਇਸੰਸ ਮੈਡੀਕਲ ਸਟੋਰ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਪੱਤਰ ਭੇਜਿਆ ਗਿਆ ਹੈ। ਸ਼ਿਕਾਇਤ ਕਰਤਾ ਰਣਜੀਤ ਸਿੰਘ ਨੇ ਦੱਸਿਆ ਕਿ ਸੇਖਾ ਕਲਾਂ ਵਿੱਚ ਕਈ ਮੈਡੀਕਲ ਸਟੋਰ ਚੱਲ ਰਹੇ ਹਨ ਜਦਕਿ ਮੈਡੀਕਲ ਚਲਾਉਣ ਦੇ ਲਾਇਸੰਸ ਸਿਰਫ ਦੋ ਹੀ ਹਨ। ਉਹਨੇ ਨਜਦੀਕ ਬੱਸ ਸਟੈਂਡ ਸੇਖਾ ਕਲਾਂ ਚੱਲ ਰਹੇ ਸਿੱਧੂ ਮੈਡੀਕਲ ਸਟੋਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਲਿਖਿਆ ਕਿ ਗੁਰਪ੍ਰੀਤ ਸਿੰਘ ਦੁਆਰਾ ਚਲਾਏ ਜਾ ਰਹੇ ਮੈਡੀਕਲ ਸਟੋਰ ਦੀ ਕੋਈ ਮੰਨਜੂਰੀ ਨਹੀਂ ਹੈ। ਉਸਦਾ ਦਾਅਵਾ ਹੈ ਕਿ ਜੇਕਰ ਪਿੰਡ ਸੇਖਾ ਕਲਾਂ ਵਿਖੇ ਮੈਡੀਕਲ ਸਟੋਰਾਂ ਦੀ ਛਾਪੇਮਾਰੀ ਕੀਤੀ ਜਾਵੇ ਤਾਂ ਕਾਫੀ ਸਾਰੀਆਂ ਗਲਤ ਦਵਾਈਆਂ ਸਮੇਤ ਪਾਬੰਦੀਸ਼ੁਦਾ ਚੀਜਾਂ ਮਿਲ ਸਕਦੀਆਂ ਹਨ। ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਮੈਡੀਕਲ ਸਟੋਰ ‘ਤੇ ਕੁਝ ਸਮਾਂ ਪਹਿਲਾਂ ਛਾਪੇਮਾਰੀ ਕੀਤੀ ਗਈ ਸੀ ਦੁਕਾਨ ਬੰਦ ਹੋਣ ਕਾਰਨ ਕਾਰਵਾਈ ਨਹੀਂ ਹੋ ਸਕੀ। ਦੂਜੇ ਪਾਸੇ ਮੈਡੀਕਲ ਸਟੋਰ ਦੇ ਮਾਲਕ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ ਵਾਕਿਆ ਹੀ ਮੈਡੀਕਲ ਚਲਾਉਣ ਦਾ ਲਾਇਸੰਸ ਨਹੀਂ ਹੈ, ਪਰ ਮਹਿਕਮੇ ਦੁਆਰਾ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ। ਉਸ ਦਾ ਕਹਿਣਾ ਹੈ ਉਹ ਪਿਛਲੇ ਚਾਰ ਸਾਲਾਂ ਤੋਂ ਤਾਰੀਖਾਂ ਭੁਗਤ ਰਿਹਾ ਹੈ ਤੇ ਫੈਸਲਾ ਕਿਸੇ ਵੀ ਵਕਤ ਆ ਸਕਦਾ ਹੈ,ਉਨਾਂ ਸਮਾਂ ਮੈਡੀਕਲ ਸਟੋਰ ਚੱਲਦਾ ਰਹੇਗਾ। ਉਸ ਦਾ ਕਹਿਣਾ ਹੈ ਕਿ ਸਰਕਾਰ ਵਿਰੋਧੀ ਧੜੇ ਨਾਲ ਵਿਅਕਤੀ ਜਾਣ ਬੁੱਝ ਕੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਕਰ ਰਹੇ ਹਨ। ਇਸ ਸਬੰਧੀ ਸੱਤਾਧਿਰ ਪਾਰਟੀ ਨਾਲ ਜੁੜੇ ਇੱਕ ਆਗੂ ਨੇ ਵੀ ਗੁਰਪ੍ਰੀਤ ਸਿੰਘ ਦੀ ਹਮਾਇਤ ਕਰਨ ਦੀ ਗੱਲ ਆਖਦਿਆਂ ਮੈਡੀਕਲ ਸਟੋਰ ਵਾਲੇ ਮਾਮਲੇ ਨੂੰ ਦਬਾਉਣ ਦੀ ਗੱਲ ਆਖੀ ਹੈ। ਹੁਣ ਦੇਖਣਾ ਹੋਵੇਗਾ ਕਿ ਮੈਡੀਕਲ ਸਟੋਰ ਮਾਲਕ ਨੂੰ ਸਰਕਾਰ ਨਾਲ ਜੁੜੇ ਹੋਣ ਦਾ ਫਾਇਦਾ ਮਿਲਦਾ ਹੈ ਜਾਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਨਿਰਪੱਖ ਫੈਸਲਾ ਲਿਆ ਜਾਵੇਗਾ।


