ਮੋਗਾ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਵਾਲੇ ਖੋਖਿਆਂ ’ਤੇ ਬੁਲਡੋਜ਼ਰ ਫੇਰਨਾ ਸ਼ੁਰੂ ,ਦੁਕਾਨਦਾਰ ਭੜਕੇ ਪਰ ਹਾਈ ਕੋਰਟ ਦੇ ਹੁਕਮਾਂ ’ਤੇ ਹੋਈ ਕਾਰਵਾਈ

ਮੋਗਾ 18 ਜਨਵਰੀ: (ਜਸ਼ਨ) ਹਾਈ ਕੋਰਟ ਦੀ ਸਖਤੀ ਤੋਂ ਬਾਅਦ ਅੱਜ ਨਗਰ ਨਿਗਮ ਮੋਗਾ ਦੀ ਟੀਮ ਨੇ ਤਹਿਸੀਲਦਾਰ ਦੀ ਹਾਜ਼ਰੀ ’ਚ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਵਾਲੇ ਖੋਖਿਆਂ ਨੂੰ ਚੁੱਕਵਾਉਣ ਦੀ ਮੁਹਿੰਮ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਅਤੇ ਨਜ਼ਾਇਜ਼ ਕਬਜ਼ਿਆਂ ਵਾਲੇ ਖੋਖਿਆਂ ’ਤੇ ਬੁਲਡੋਜ਼ਰ ਫੇਰਨਾ ਸ਼ੁਰੂ ਕਰ ਦਿੱਤਾ।
ਨਜਾਇਜ਼ ਕਬਜਿਆਂ ਨੂੰ ਹਟਾਉਣ ਦੀ ਇਸ ਕਾਰਵਾਈ ਨਾਲ ਸ਼ਹਿਰ ਦੇ ਦੁਕਾਨਦਾਰਾਂ ’ਚ ਰੋਸ ਪਾਇਆ ਜਾ ਰਿਹਾ ਸੀ। ਸਥਿਤੀ ਤਨਾਅ ਪੂਰਨ ਬਣੀ ਰਹੀ । ਇਸ ਮੌਕੇ ਬੁਲਡੋਜ਼ਰ ਰਾਹੀਂ ਨਸ਼ਟ ਕੀਤੀਆਂ ਜਾ ਰਹੀਆਂ ਦੁਕਾਨਾਂ ਦਾ ਸਮਾਨ ਵੀ ਨਸ਼ਟ ਕਰ ਦਿੱਤਾ ਗਿਆ ਜਿਸ ਨਾਲ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਾਰੀ ਕਾਰਵਾਈ ਦੇ ਚੱਲਦਿਆਂ ਸ਼ਹਿਰ ਵਿਚ ਮਾਹੌਲ ਪੂਰਾ ਤਨਾਅਪੂਰਨ ਸੀ ਪਰ ਵੱਖ ਵੱਖ ਪਾਰਟੀਆਂ ਦੇ ਆਗੂ ਦੁਕਾਨਦਾਰਾਂ ਦੇ ਹੱਕ ਵਿਚ ਨਿਤਰੇ । ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਵੀ ਮੌਕੇ ’ਤੇ ਪਹੰੁਚੇ ਪਰ ਲੋਕਾਂ ਦੀ ਭੀੜ ਵਿਚ ਉਹ ਪੂਰੀ ਤਰਾਂ ਘਿਰ ਗਏ ਜਿਸ ’ਤੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਬਹੁਤ ਮੁਸ਼ਕਿਲ ਨਾਲ ਭੀੜ ਤੋਂ ਪਾਸੇ ਕੀਤਾ। ਲੋਕਾਂ ਦੀ ਭੀੜ ਨੇ ਸਰਕਾਰ ’ਤੇ ਇਤਰਾਜ਼ ਜਤਾਉਂਦਿਆਂ ਆਖਿਆ ‘ਸਰਕਾਰਾਂ ਰੋਜਗਾਰ ਦਿੰਦੀਆਂ ਹਨ ਨਾ ਕਿ ਖੋਹਦੀਆਂ ਨੇ’ ।
ਇਸ ਸਾਰੇ ਘਟਨਾਕਰਮ ਬਾਰੇ ਡਾ: ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਸਾਰੇ ਦੁਕਾਨਦਾਰਾਂ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਬਿਠਾ ਕੇ ਮਸਲਾ ਹੱਲ ਕਰਵਾ ਦੇਣਾ ਸੀ ਪਰ ਇਹਨਾਂ ਮੇਰੀ ਇਕ ਗੱਲ ਨਹੀਂ ਸੁਣੀ । ਉਹਨਾਂ ਕਿਹਾ ਕਿ ਦੁਕਾਨਦਾਰਾਂ ਦਾ ਨੁਕਸਾਨ ਇਹਨਾਂ ਦੇ ਅੜੀਅਲ ਵਤੀਰੇ ਕਰਕੇ ਹੋਇਆ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


