ਸੇਵਾ ਕੇਂਦਰਾਂ ਵੱਲੋਂ ਆਮ ਲੋਕਾਂ ਦੀ ਖੱਜਲ ਖੁਆਰੀ ਜਾਰੀ

ਸਮਾਲਸਰ,19 ਜਨਵਰੀ(ਗਗਨਦੀਪ)-ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੂਬੇ ਵਿਚ ਖੋਲੇ ਸੇਵਾ ਕੇਂਦਰਾਂ ਦਾ  ਮਕਸਦ ਆਮ ਜਨਤਾ ਨੂੰ ਖੱਜਲ ਖੁਆਰੀ ਤੋਂ ਬਚਾਅ ਕੇ ਉਹਨਾਂ ਨੂੰ ਇਕ ਜਗਹ ’ਤੇ ਇਕ ਤੋਂ ਵੱਧ ਸੇਵਾਵਾਂ ਮੁਹੱਈਆ ਕਰਵਾਉਣਾ ਸੀ ਪਰ ਇਹਨਾਂ ਸੇਵਾ ਕੇਂਦਰਾਂ ਵਿਚ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉ ਲਈ ਡਾਹਢੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਹਨਾਂ ਸੇਵਾ ਕੇਂਦਰਾਂ ’ਚ ਆਮ ਲੋਕ ਆਪਣੇ ਨਿੱਕੇ ਮੋਟੇ ਕੰਮ ਕਰਾਉਣ ਲਈ ਗੇੜੇ ਮਾਰਦੇ ਥੱਕ ਜਾਂਦੇ ਹਨ ਪਰ ਉਹਨਾਂ ਦੇ ਕੰਮ ਨਹੀਂ ਹੰੁਦੇ। ਸਮਾਲਸਰ ਵਿਖੇ ਸਥਿਤ ਸੇਵਾ ਕੇਂਦਰ ’ਚ ਪਹੁੰਚੇ (ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਸਕੀਮ) ਦੇ ਲਾਭਪਾਤਰੀ ਗੁਰਮੀਤ ਸਿੰਘ, ਬਲਜੀਤ ਕੌਰ, ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ ਡੇਢ ਮਹੀਨੇ ਤੋਂ ਆਪਣੀ ਕਾਪੀ ਰੀਨਿਊ ਕਰਾਉਣ ਲਈ ਲਗਾਤਾਰ ਚੱਕਰ ਸੇਵਾ ਕੇਂਦਰ ਦਾ ਚੱਕਰ ਲਾ ਰਹੇ ਹਨ ਪਰ  ਉਹਨਾਂ ਦਾ ਕੰਮ ਨਹੀਂ ਹੋ ਰਿਹਾ। ਉਹਨਾਂ ਦੱਸਿਆ ਕਿ ਸਮਾਲਸਰ ਵਿਖੇ ਸਥਿਤ ਸੇਵਾ ਕੇਂਦਰ ਦਾ ਮੁਲਾਜ਼ਮ ਕਹਿੰਦਾ ਹੈ ਕਿ ਮੇਰੇ ਕੋਲ ਸਿਸਟਮ ਨਹੀਂ ਚੱਲਦਾ ਤੇ ਉਹ ਕੁਝ ਦਿਨ ਰੁਕ ਕੇ ਆਉਣ । ਉਹਨਾਂ ਦੱਸਿਆ ਕਿ  ਬਾਘੇਪੁਰਾਣਾ ਵਿਖੇ ਸਥਿਤ ਸੇਵਾ ਕੇਂਦਰਾਂ ਵਾਲੇ ਕਹਿੰਦੇ ਹਨ ਉਹਨਾਂ ਦਾ ਕੰਮ ਸਮਾਲਸਰ ਤੋਂ ਹੀ ਹੋਣਾ ਹੈ , ਇਸੇ ਘੁੰਮਣ ਘੇਰੀ ਵਿੱਚ ਲਾਭਪਾਤਰੀ ਕਾਪੀਆਂ ਰੀਨਿਊ ਨਹੀਂ ਹੋ ਰਹੀਆਂ। ਦੂਜੇ ਪਾਸੇ ਆਧਾਰ ਕਾਰਡ ਬਣਾਉਣ ਵਾਲਿਆਂ ਨਾਲ ਵੀ ਮਾੜੀ ਹੋ ਰਹੀ ਹੈ। ਦੂਰ-ਦੁਰਾਡੇ ਪਿੰਡਾਂ ਵਾਲਿਆਂ ਨੂੰ ਸਵੇਰੇ ਛੇ ਸੱਤ ਵਜੇ ਆ ਕੇ ਬਾਘੇਪੁਰਾਣੇ ਤੋਂ ਕੂਪਨ ਲੈ ਕੇ ਲਾਈਨ ਵਿੱਚ ਲੱਗਣਾ ਪੈਂਦਾ ਹੈ ਫੇਰ ਕਿਤੇ ਜਾ ਕੇ ਆਧਾਰ ਕਾਰਡ ਬਣਦਾ ਹੈ। ਉਹਨਾਂ ਕਿਹਾ ਕਿ ਸਬ ਤਹਿਸੀਲ ਹੋਣ ਨਾਤੇ ਸਮਾਲਸਰ ਦੇ ਸੇਵਾ ਕੇਂਦਰ ਵਿੱਚ ਆਧਾਰ ਕਾਰਡ ਬਣਵਾਉਣ ਦੀ ਸੁਵਿਧਾ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ  ਇਹ ਕਿਸੇ ਇੱਕ ਵਿਅਕਤੀ ਦੀ ਕਹਾਣੀ ਨਹੀਂ ਹੈ ਬਲਕਿ ਸੈਂਕੜੇ ਲੋਕ ਰੋਜ਼ਾਨਾ ਖੱਜਲ ਖੁਆਰ ਹੋ ਰਹੇ ਹਨ। ਉਪਰੋਕਤ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸਮਾਲਸਰ ਦੇ ਸੇਵਾ ਕੇਂਦਰ ਵਿੱਚ ਲਾਭਪਾਤਰੀ ਕਾਪੀਆਂ ਤੇ ਆਧਾਰ ਕਾਰਡ ਬਣਾਉਣ ਦਾ ਕੰਮ ਚਾਲੂ ਕੀਤਾ ਜਾਵੇ।