ਖੋਖਾ ਸੰਚਾਲਕਾਂ ਲਈ ਕਾਰਪੋਰੇਸ਼ਨ ਅਧਿਕਾਰੀਆਂ, ਮੇਅਰ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਮਾਮਲੇ ਦੇ ਹੱਲ ਲਈ ਜੱਦੋ ਜਹਿਦ ਕਰ ਰਿਹਾ ਹਾਂ: ਡਾ. ਹਰਜੋਤ ਕਮਲ

ਮੋਗਾ, 20 ਜਨਵਰੀ (ਜਸ਼ਨ): ਖੋਖਾ ਸੰਚਾਲਕ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਮੱਦੇਨਜ਼ਰ ਮੈਨੂੰ ਸਹਿਯੋਗ ਦੇਣ ਅਤੇ ਮੈਂ ਇੱਕ-ਇੱਕ ਖੋਖਾ ਸੰਚਾਲਕ ਨੂੰ ਢੁਕਵੀਂ ਜਗਾਂ ਤੇ ਬੂਥ ਮੁਹੱਈਆਂ ਕਰਵਾਉਣ ਲਈ ਪੂਰੀ ਜੱਦੋ ਜਹਿਦ ਕਰ ਰਿਹਾ ਹਾਂ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਐਮ.ਐਲ.ਏ. ਮੋਗਾ ਡਾ. ਹਰਜੋਤ ਕਮਲ ਨੇ ਕਿਹਾ ਕਿ ਉਹ ਖੋਖਾ ਸੰਚਾਲਕਾਂ ਲਈ ਪ੍ਰਸ਼ਾਸਨ, ਕਾਰਪੋਰੇਸ਼ਨ ਅਧਿਕਾਰੀਆਂ, ਮੇਅਰ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਮਾਮਲੇ ਦੇ ਹੱਲ ਲਈ ਜੱਦੋ ਜਹਿਦ ਕਰ ਰਹੇ ਹਨ। ਡਾ. ਹਰਜੋਤ ਨੇ ਦੱਸਿਆ ਕਿ ਉਨਾਂ ਨੇ ਪਹਿਲਾਂ ਹੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖੋਖਾ ਸੰਚਾਲਕਾਂ ਨੂੰ ਹੋਰ ਮੌਹਲਤ ਦਿਵਾਉਣ ਲਈ ਭਰੋਸੇ ਵਿੱਚ ਲਿਆ ਸੀ, ਪਰ ਵਿਰੋਧੀਆਂ ਦੇ ਬਹਿਕਾਵੇ ਵਿੱਚ ਆ ਕੇ ਕੋਈ ਵੀ ਖੋਖਾ ਸੰਚਾਲਕ ਕਮਿਸ਼ਨਰ ਨਾਲ ਗੱਲਬਾਤ ਕਰਨ ਲਈ ਨਹੀਂ ਪਹੁੰਚਿਆ, ਜਿਸ ਕਾਰਨ ਇਸ ਮਸਲੇ ਦਾ ਠੋਸ ਹੱਲ ਨਹੀਂ ਹੋ ਸਕਿਆ। ਡਾ. ਹਰਜੋਤ ਨੇ ਕਿਹਾ ਕਿ ਨਗਰ ਨਿਗਮ ਵਲੋਂ ਹਾਈਕੋਰਟ ਦੇ ਆਦੇਸ਼ਾ ਮੁਤਾਬਿਕ ਨਜ਼ਾਇਜ ਕਬਜ਼ਿਆਂ ਤੇ ਕਾਰਵਾਈ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਜਿਨਾਂ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਹੈ ਜਿਸਦਾ ਮੈਨੂੰ ਬੇਹੱਦ ਖੇਦ ਹੈ। ਡਾ. ਹਰਜੋਤ ਨੇ ਕਿਹਾ ਕਿ ਟ੍ਰੈਫਿਕ ਜਾਮ ਹੋਣ ਕਰਕੇ ਉਹ ਸਮੇਂ ਤੇ ਨਹੀਂ ਪਹੁੰਚ ਸਕੇ ਅਤੇ ਜਦੋਂ ਉਹ ਪਹੁੰਚੇ ਤਾਂ ਨਗਰ ਨਿਗਮ ਵਲੋਂ ਨਜ਼ਾਇਜ ਕਬਜ਼ੇ ਛਡਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ। ਉਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਬਕਾਇਦਾ ਨਜ਼ਾਇਜ ਕਬਜੇ ਛੱਡਣ ਲਈ ਨਗਰ ਨਿਗਮ ਵਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਦੁਕਾਨਦਾਰਾਂ ਨੂੰ ਇਸ ਕਾਰਵਾਈ ਤੋਂ ਪਹਿਲਾਂ ਪੂਰਾ ਸਮਾਂ ਦਿੱਤਾ ਗਿਆ ਸੀ। ਉਨਾਂ ਕਿਹਾ ਕਿ ਉਨਾਂ ਪਹਿਲਾਂ ਵੀ ਖੋਖਾ ਸੰਚਾਲਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਨਾਂ ਦੇ ਮੁੜ ਵਸੇਬੇ ਲਈ ਢੁਕਵੀਂ ਜਗਾਂ ਤੇ ਬੂਥ ਮੁਹੱਈਆ ਕਰਵਾਉਣਗੇ ਅਤੇ ਹੁਣ ਵੀ ਉਹ ਖੋਖਾ ਸੰਚਾਲਕਾਂ ਨੂੰ ਵਿਸ਼ਵਾਸ ਦਵਾਉਦੇ ਹਨ ਕਿ ਉਹ ਨਗਰ ਨਿਗਮ ਵਲੋਂ ਨਜ਼ਾਇਜ ਕਬਜ਼ੇ ਛੁਡਵਾਉਣ ਦੀ ਮੁਹਿੰਮ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰਨਗੇ ਅਤੇ ਉਨਾਂ ਨੂੰ ਕਿਸੇ ਵੀ ਕੀਮਤ ਤੇ ਉਜੜਨ ਨਹੀਂ ਦੇਣਗੇ। ਡਾ. ਹਰਜੋਤ ਨੇ ਭਰੋਸਾ ਦਵਾਉਦੇ ਹੋਏ ਕਿਹਾ ਕਿ ਇੱਕ ਇੱਕ ਖੋਖਾ ਸੰਚਾਲਕ ਨੂੰ ਢੁਕਵੇਂ ਬੂਥ ਮੁਹੱਈਆ ਕਰਵਾਏ ਜਾਣਗੇ ਤਾਂਕਿ ਮੋਗਾ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੂਚਾਰੂ ਢੰਗ ਨਾਲ ਚਲਾਇਆ ਜਾ ਸਕੇ ਅਤੇ ਸ਼ਹਿਰ ਦੀ ਸੁੰਦਰਤਾ ਅਤੇ ਦੁਕਾਨਦਾਰਾਂ ਦਾ ਰੋਜ਼ਗਾਰ ਵੀ ਬਰਕਰਾਰ ਰੱਖਿਆ ਜਾ ਸਕੇ। ਡਾ. ਹਰਜੋਤ ਨੇ ਖੋਖਾ ਸੰਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਫਰਜ਼ਾਂ ਨੂੰ ਪਛਾਣਨ ਅਤੇ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ।


