ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਕਾਰਜਸ਼ੈਲੀ ਸਦਕਾ ਪੀ ਆਰ ਟੀ ਸੀ ਦੀ ਰੋਜ਼ਾਨਾ ਆਮਦਨ ’ਚ 17 ਲੱਖ ਦਾ ਵਾਧਾ-:ਕਰਨਲ ਬਾਬੂ ਸਿੰਘ

ਮੋਗਾ, 20 ਜਨਵਰੀ (ਜਸ਼ਨ)-‘ਸੂਬੇ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਪੀ.ਆਰ.ਟੀ.ਸੀ. ਨੇ ਮਹਿਜ਼ 10 ਮਹੀਨਿਆਂ ਦੇ ਕਾਰਜਕਾਲ ਦੌਰਾਨ 9.21 ਕਰੋੜ ਰੁਪਏ ਦਾ ਲਾਭ ਕਮਾਇਆ ਹੈ ਜਿਸ ਤੋਂ ਸਾਬਤ ਹੰੁਦਾ ਹੈ ਕਿ ਅਕਾਲੀ ਭਾਜਪਾ ਰਾਜ ਵਿਚ ਟਰਾਂਸਪੋਰਟ ਮਾਫੀਆ ਸਿਰਫ਼ ਨਿੱਜੀ ਹਿਤਾਂ ਖਾਤਿਰ ਸੂਬੇ ਦੇ ਪੈਸੇ ਨੂੰ ਹੜੱਪ ਕਰ ਰਿਹਾ ਸੀ ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ । ਕਰਨਲ ਬਾਬੂ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਪੂਰੀ ਪਾਰਦਸ਼ਤਾ ਨਾਲ ਕੰਮ ਕਰ ਰਹੀ ਹੈ ਅਤੇ ਛੇਤੀ ਹੀ ਸੂਬੇ ਦੀ ਆਰਥਿਕਤਾ ਪੈਰਾਂ ਸਿਰ ਹੋ ਜਾਵੇਗੀ । ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਘਰ ਭਰਨ ਲਈ ਸਰਕਾਰੀ ਬੱਸਾਂ ਦੇ ਬੱਸ ਰੂਟ ਘਟਾ ਦਿੱਤੇ ਸਨ ਜਿਸ ਕਾਰਨ ਪੀ.ਆਰ.ਟੀ.ਸੀ. ਲਗਾਤਾਰ ਘਾਟੇ ਵਿਚ ਜਾ ਰਹੀ ਸੀ । ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ 150 ਨਵੀਆਂ ਬੱਸਾਂ ਸ਼ੁਰੂ ਕੀਤੀਆਂ ਗਈਆਂ ਤੇ ਕੱਲ ਵੀ ਮੁੱਖ ਮੰਤਰੀ ਵੱਲੋਂ  25 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਇਹਨਾਂ 175 ਬੱਸਾਂ ਦੇ ਸ਼ੁਰੂ ਹੋਣ ਨਾਲ ਜਿੱਥੇ ਆਮ ਲੋਕਾਂ ਨੂੰ ਬੇਹਤਰ ਸਫ਼ਰ ਸਹੂਲਤਾਂ ਮੁਹੱਈਆ ਹੋਣਗੀਆਂ ਉੱਥੇ ਕਿਰਾਏ ਦੇ ਰੂਪ ਵਿਚ ਪ੍ਰਾਪਤ ਮਾਲੀਏ ਨਾਲ ਸਰਕਾਰੀ ਖਜਾਨੇ ਦੀ ਹਾਲਤ ਬਿਹਤਰ ਹੋ ਸਕੇਗੀ। ਪੀ.ਆਰ.ਟੀ.ਸੀ. ਦੀ ਰੋਜ਼ਾਨਾ ਦੀ ਆਮਦਨ 106 ਲੱਖ ਤੋਂ ਵਧ ਕੇ 123 ਲੱਖ ਰੁਪਏ ਹੋਣ ਦਾ ਜ਼ਿਕਰ ਕਰਦਿਆਂ ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਰੋਡਵੇਜ਼ ਦੇ ਸਰਕਾਰੀ ਅਦਾਰੇ ਦਾ ਵੱਧਦਾ ਗਰਾਫ਼ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਕਾਰਜਸ਼ੈਲੀ ਸਦਕਾ ਹੀ ਸੰਭਵ ਹੋ ਰਿਹਾ ਹੈ। ਉਹਨਾਂ ਆਖਿਆ ਕਿ ਉਹ ਦਿਨ ਦੂਰ ਨਹੀਂ ਜਦੋਂ ਕੈਪਟਨ ਦੀ ਅਗਵਾਈ ਵਿਚ ਸੂਬੇ ਦਾ ਹਰ ਅਦਾਰਾ ਤਰੱਕੀ ਦੀਆਂ ਨਵੀਆਂ ਮੰਜ਼ਿਲਾ ਛੂਹੇਗਾ ਅਤੇ ਪੰਜਾਬ ਵਿਚ ਖੁਸ਼ਹਾਲੀ ਦਾ ਦੌਰ ਪਰਤੇਗਾ।