ਨਜਾਇਜ਼ ਕਬਜ਼ਿਆਂ ਖਿਲਾਫ਼ ਅੱਜ ਫਿਰ ਮੋਗਾ ਵਿਚ ਕਾਰਵਾਈ ਦਾ ਅੰਦੇਸ਼ਾ ,ਗਲਾਡਾ ਅਤੇ ਨਿਗਮ ਵੱਲੋਂ ਕਰਵਾਈ ਮੁਨਿਆਦੀ

ਮੋਗਾ, 22 ਜਨਵਰੀ (ਜਸ਼ਨ)- ਹਾਈ ਕੋਰਟ ਦੇ ਹੁਕਮਾਂ ਤਹਿਤ ਮੋਗਾ ਵਿਚ ਨਜਾਇਜ਼ ਕਬਜ਼ਿਆਂ ਖਿਲਾਫ਼ ਨਗਰ ਨਿਗਮ ਵੱਲੋਂ ਚਲਾਈ ਮੁਹਿੰਮ ਨਾਲ ਗਰਮਾਈ ਸਿਆਸਤ ਅਤੇ ਪ੍ਰਭਾਵਿਤ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਨੂੰ ਲੈ ਕੇ ਪੈਦਾ ਹੋਈ ਗੁੰਝਲਦਾਰ ਸਥਿਤੀ ਦੇ ਅੱਜ ਹੋਰ ਗੰਭੀਰ ਹੋ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ ,ਕਿਉਂਕਿ ਸ਼ਹਿਰ ਵਿਚ ਕਰਵਾਈ ਗਈ ਮੁਨਿਆਦੀ ਮੁਤਾਬਕ ਨਾ ਸਿਰਫ਼ ਨਗਰ ਨਿਗਮ ਬਲਕਿ ਗਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ (ਗਲਾਡਾ) ਵੀ ਨਜਾਇਜ਼ ਕਬਜ਼ਿਆਂ ਖਿਲਾਫ਼ ਅੱਜ ਸੋਮਵਾਰ ਨੂੰ 11 ਵਜੇ ਕਰਵਾਈ ਆਰੰਭੇਗਾ। ਅੱਜ 22 ਜਨਵਰੀ ਨੂੰ ਮਾਡਲ ਥਾਣੇ ਦੇ ਸਾਹਮਣੇ ਕਚਿਹਰੀ ਰੋਡ ’ਤੇ ਨਜਾਇਜ਼ ਕਬਜ਼ਿਆਂ ਵਾਲੇ ਖੋਖੇ ਅਤੇ ਦੁਕਾਨਾਂ ਨੂੰ ਆਪਣਾ ਸਮਾਨ ਚੁੱਕਣ ਅਤੇ ਜਗਹ ਖਾਲੀ ਕਰਨ ਦੇ ਹੁਕਮ ਸੁਣਾਏ ਗਏ ਹਨ । ਗੌਰਤਲਬ ਹੈ ਕਿ ਪੁਰਾਣੀ ਕਚਿਹਰੀ ਦਾ ਇਲਾਕਾ ਅਤੇ ਇਸ ਨੇੜਲੇ ਤਲਾਅ ਦੀ ਸਾਰੀ ਜਗਹ ਪੁੱਡਾ ਅਧੀਨ ਆਉਂਦੀ ਸੀ ਅਤੇ ਪੁੱਡਾ ਦੀ ਜਗਹ ਹੁਣ ਗਲਾਡਾ ਅਥਾਰਟੀ ਇਸ ਜਗਹ ਨੂੰ ਖਾਲੀ ਕਰਵਾ ਕੇ ਕੰਪਲੈਕਸ ਉਸਾਰਨ ਦਾ ਵਿਚਾਰ ਰੱਖਦੀ ਹੈ । ਮੋਗਾ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸ਼ਹਿਰ ਵਿਚਾਲਿਓਂ ਲੰਘਦੇ ਪੁਲ ’ਤੇ ਚੜਨ ਲਈ ਬਣਾਈਆਂ ਜਾਣ ਵਾਲੀਆਂ ਸੜਕਾਂ ਲਈ ਵੀ ਜਗਹ ਇਸੇ ਖੇਤਰ ਵਿਚੋਂ ਲਏ ਜਾਣ ਦੀ ਸੰਭਾਵਨਾ ਹੈ। ਕੁਝ ਵੀ ਹੋਵੇ ਪਰ ਇਸ ਖੇਤਰ ਵਿਚ ਖੋਖਿਆਂ ਵਿਚ ਫੱਲ ,ਚਾਹ,ਫੋਟੋਸਟੇਟ ਅਤੇ ਹੋਰ ਕੰਮ ਕਰਨ ਵਾਲੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਹੈ ,ਇਸ ਤੋਂ ਇਲਾਵਾ ਨਿਗਮ ਵੱਲੋਂ ਕਬਾੜੀਆ ਬਜ਼ਾਰ ,ਗੁਰੂ ਨਾਨਕ ਮਾਰਕੀਟ ,ਸਰਾਫ਼ਾ ਬਜ਼ਾਰ ਅਤੇ ਨਿੳੂ ਟਾੳੂਨ ਵਿਚ ਵੀ ਨਜ਼ਾਇਜ਼ ਕਬਜ਼ਿਆਂ ’ਤੇ ਕਾਰਵਾਈ ਕਰਨ ਦੀ ਸੰਭਾਵਨਾ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਬੇਸ਼ੱਕ ਹਾਈ ਕੋਰਟ ਜਾਂ ਸਰਕਾਰ ਦੇ ਹੁਕਮਾਂ ’ਤੇ ਅਜਿਹੇ ਨਜਾਇਜ਼ ਕਬਜ਼ਿਆਂ ਖਿਲਾਫ਼ ਕਾਰਵਾਈ ਹੋ ਰਹੀ ਹੈ ਪਰ ਸ਼ਹਿਰ ਦੀਆਂ ਵੱਖ ਵੱਖ ਸੜਕਾਂ ’ਤੇ ਦੁਕਾਨਦਾਰਾਂ ,ਰੇਹੜੀ ਵਾਲਿਆਂ ਅਤੇ ਹੋਰਨਾਂ ਵੱਲੋਂ ਆਰਜ਼ੀ ਨਜਾਇਜ਼ ਕਬਜ਼ੇ ਕਰਨੇ ਜਾਰੀ ਹਨ ਜਿਹਨਾਂ ਖਿਲਾਫ਼ ਨਿਗਮ ਦੇ ਅਧਿਕਾਰੀਆਂ ਵੱਲੋਂ ਅੱਖਾਂ ਮੀਚੀ ਰੱਖਣਾ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ।


