5,865 ਲਾਭਪਾਤਰੀ ਕਿਸਾਨਾਂ ਨੇ ਸਬਸਿਡੀ ਵਾਲੇ ਬੀਜ ਦਾ ਲਿਆ ਲਾਹਾ-ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ

ਮੋਗਾ 22 ਜਨਵਰੀ:(ਜਸ਼ਨ) --ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨਾਂ ਉਪਰਾਲਿਆਂ ਤਹਿਤ ਜ਼ਿਲੇ ਦੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਹਾੜੀ ਦੀ ਫ਼ਸਲ ਨੂੰ ਵੇਖਦਿਆਂ 5,865 ਕਿਸਾਨਾਂ ਨੂੰ 9,532 ਕੁਇੰਟਲ ਕਣਕ ਦੇ ਬੀਜ ਦੀ ਵੰਡ ਕੀਤੀ ਗਈ ਹੈ। ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਸਿਫਾਰਸ਼ ਕੀਤੇ ਬੀਜਾਂ ਨੂੰ ਹੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ: ਹਰਿੰਦਰਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੱਸਿਆ ਕਿ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਬੀਜ ਮੁਹੱਈਆ ਕਰਵਾਏ ਗਏ ਹਨ। ਇਸ ਤਹਿਤ ਜ਼ਿਲੇ ਅੰਦਰ ਕਿਸਾਨਾਂ ਨੂੰ ਚੰਗੇ ਤੇ ਸਿਫਾਰਸ਼ ਕੀਤੇ ਬੀਜ ਖ੍ਰੀਦਣ ਅਤੇ ਖੇਤੀਕਰਨ ਦੇ ਤਰੀਕਿਆਂ ਬਾਰੇ ਜਾਗਰੂਕਤਾ ਕੈਂਪ ਵੀ ਲਗਾਏ ਗਏ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਪੰਜ ਬਲਾਕਾਂ ’ਚ 9,532 ਕੁਇੰਟਲ ਸਬਸਿਡੀ ਵਾਲੇ ਬੀਜ ਦੀ ਵੰਡ ਕੀਤੀ ਗਈ ਹੈ। ਉਨਾਂ ਦੱਸਿਆ ਕਿ ਬਲਾਕ ਮੋਗਾ-1 ‘ਚ 1,836 ਕੁਇੰਟਲ, ਬਲਾਕ ਮੋਗਾ-2 ‘ਚ 2,000 ਕੁਇੰਟਲ, ਬਲਾਕ ਧਰਮਕੋਟ ’ਚ 2,400 ਕੁਇੰਟਲ, ਬਲਾਕ ਬਾਘਾਪੁਰਾਣਾ ’ਚ 1,720 ਕੁਇੰਟਲ ਤੇ ਬਲਾਕ ਨਿਹਾਲ ਸਿੰਘ ਵਾਲਾ ’ਚ 1,576 ਕੁਇੰਟਲ ਬੀਜ ਕਿਸਾਨਾਂ ਨੂੰ ਵੰਡੇ ਗਏ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਹੋਰ ਦੱਸਿਆ ਕਿ ਕਣਕ ਦੇ ਸੀਜ਼ਨ ਦੌਰਾਨ ਹਰ ਵਰਗ ਦੇ ਕਿਸਾਨਾਂ ਨੂੰ ਕਵਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਢਾਈ ਏਕੜ ਤੱਕ ਦੇ ਸੀਮਾਂਤ ਵਰਗ ਦੇ 396 ਕਿਸਾਨਾਂ ਅਤੇ ਢਾਈ ਏਕੜ ਤੋਂ ਲੈ ਕੇ 5 ਏਕੜ ਤੱਕ ਦੇ 5,469 ਲਾਭਪਾਤਰੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਵੱਲੋਂ ਸਿਫਾਰਸ਼ ਕੀਤੇ ਬੀਜ ਹੀ ਵੰਡੇ ਗਏ ਹਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


