ਪ੍ਰਕਾਸ਼ ਰਾਜਪੂਤ ਦੇ ਦਾਦਾ ਚੰਨਣ ਸਿੰਘ ਰਾਜਪੂਤ ਨਮਿੱਤ ਸਹਿਜ ਪਾਠਾਂ ਦੇ ਭੋਗ ਅੱਜ

ਕੋਟ ਈਸੇ ਖਾਂ, 23 ਜਨਵਰੀ (ਜਸ਼ਨ)- ਲੋਕ ਸਭਾ ਹਲਕਾ ਫਰੀਦਕੋਟ ਦੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਪ੍ਰਕਾਸ਼ ਰਾਜਪੂਤ ਦੇ ਦਾਦਾ ਚੰਨਣ ਸਿੰਘ ਰਾਜਪੂਤ ਨਮਿੱਤ ਸਹਿਜ ਪਾਠਾਂ ਦੇ ਭੋਗ ਅੱਜ ਕੋਟਈਸੇ ਖਾਂ ਦੇ ਸੰੁਦਰ ਨਗਰ ’ਚ ਸਥਿਤ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਾਏ ਜਾਣਗੇ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਸਬੰਧਤ ਸ਼ਖਸੀਅਤਾਂ ਸ਼ਰਧਾਂਜਲੀਆਂ ਭੇਂਟ ਕਰਨਗੀਆਂ । ਜ਼ਿਕਰਯੋਗ ਹੈ ਕਿ ਸਮਾਜ ਸੇਵਾ ਨੂੰ ਪ੍ਰਣਾਏ ਚੰਨਣ ਸਿੰਘ ਰਾਜਪੂਤ ਦਾ ਜਨਮ 1923 ਵਿਚ ਲਾਹੌਰ ਦੇ ਪਿੰਡ ਸੰਤਪੁਰ ਵਿਖੇ ਮਾਤਾ ਕਰਤਾਰ ਕੌਰ ਦੀ ਕੁੱਖੋਂ ਪਿਤਾ ਸਾਧੂ ਸਿੰਘ ਦੇ ਗ੍ਰਹਿ ਵਿਖੇ ਹੋਇਆ। ਮਦਰੱਸੇ ਤੋਂ ਗੁਰਮੁਖੀ ਦੀ ਪੜਾਈ ਕਰਕੇ ਜਵਾਨ ਹੋਏ ਬਾਪੂ ਚੰਨਣ ਸਿੰਘ ਦਾ ਵਿਆਹ ਬੀਬੀ ਮਿਲਖ ਕੌਰ ਨਾਲ ਹੋਇਆ ਪਰ ਭਾਰਤ ਪਾਕਿ ਵੰਡ ਵੇਲੇ ਸਾਰੇ ਪਰਿਵਾਰ ਨੂੰ ਘਰ ਬਾਰ ਛੱਡ ਕੇ ਆਉਣਾ ਪਿਆ ਪਰ ਸਿੱਦਕੀ ਅਤੇ ਸਿਰੜੀ ਬਾਪੂ ਚੰਨਣ ਸਿੰਘ ਰਾਜਪੂਤ ਨੇ ਕੋਟ ਈਸੇ ਖਾਂ ਆ ਕੇ ਸਫਲ ਜੀਵਨ ਜਿਉਣ ਦੀ ਨਵੀਂ ਮਿਸਾਲ ਕਾਇਮ ਕੀਤੀ। ਉਹਨਾਂ ਆਪਣੇ ਗਰਿਹਸਥੀ ਜੀਵਨ ਵਿਚ ਆਪਣੇ ਚਾਰ ਲੜਕਿਆਂ ਅਤੇ ਇਕ ਲੜਕੀ ਨੂੰ ਜੀਵਨ ਪੰਧ ’ਤੇ ਚੱਲਣਾ ਸਿਖਾਇਆ ਅਤੇ ਖੁਦ ਕੋਟ ਈਸੇ ਖਾਂ ਦੇ ਲੋਕਾਂ ਦੀ ਸੇਵਾ ਕਰਨ ਲਈ 30 ਸਾਲ ਮੈਂਬਰ ਪੰਚਾਇਤ ਬਣਦੇ ਰਹੇ ਪਰ ਕਿੰਗ ਮੇਕਰ ਵਜੋਂ ਜਾਣੇ ਜਾਂਦੇ ਬਾਪੂ ਨੇ ਸਰਪੰਚ ਬਣਨ ਦੇ ਮੌਕੇ ਮਿਲਣ ਦੇ ਬਾਵਜੂਦ ਅਹੁਦਿਆਂ ਦੀ ਲਾਲਸਾ ਤਿਆਗਦਿਆਂ ਸੇਵਾ ਨੂੰ ਪਹਿਲ ਦਿੱਤੀ ਜਿਸ ਦੀ ਬਦੌਲਤ ਟਕਸਾਲੀ ਕਾਂਗਰਸੀ ਵਾਲੀ ਪਹਿਚਾਣ ਬਣਾਉਂਦਿਆਂ ਉਹਨਾਂ ਹਜ਼ਾਰਾਂ ਨੌਜਵਾਨਾਂ ਨੂੰ ਕਾਂਗਰਸ ਨਾਲ ਜੋੜਿਆ ਤੇ ਇਸੇ ਦੀ ਬਦੌਲਤ ਉਹਨਾਂ ਦਾ ਆਪਣਾ ਪੋਤਰਾ ਪ੍ਰਕਾਸ਼ ਸਿੰਘ ਰਾਜਪੂਤ ਦਾਦੇ ਦੀ ਉਂਗਲੀ ਫੜ ਕੇ ਤੁਰਦਾ ਤੁਰਦਾ ਹੁਣ ਨੌਜਵਾਨਾਂ ਦੀ ਅਗਵਾਈ ਕਰਨ ਜੋਗਾ ਹੋ ਗਿਆ ਹੈ ਅਤੇ ਫਰੀਦਕੋਟ ਹਲਕੇ ਦੇ ਯੂਥ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਉਂਦਿਆਂ ਆਪਣੇ ਦਾਦੇ ਦੀ ਵਿਰਾਸਤ ਨੂੰ ਅੱਗੇ ਵਧਾਅ ਰਿਹਾ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਸਮੁੱਚੀ ਟੀਮ ਸ: ਚੰਨਣ  ਸਿੰਘ ਰਾਜਪੂਤ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ।