ਸਿਆਸਤ ਬੰਦੇ ਨੂੰ ਲੱਕੜ ਵਾਂਗ ਅੰਦਰੋਂ ਬਾਹਰੋਂ ਸੁਕਾ ਦਿੰਦੀ ਹੈ: --ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ

ਲੁਧਿਆਣਾ23 ਜਨਵਰੀ (ਗੁਰਭਜਨ ਗਿੱਲ)-ਸਾਬਕਾ ਮੰਤਰੀ ਸ: ਮਲਕੀਤ ਸਿੰਘ ਦਾਖਾ ਦਾ ਮੂਲ ਸ਼ੌਕ ਚੰਗਾ ਸਾਹਿਤ ਪੜ੍ਹਨਾ ਤੇ ਲੋਕ ਧਾਰਨਾ ਚ ਲਿਖਣਾ ਹੈ ਪਰ ਘੱਟ ਬੰਦੇ ਉਸ ਦੇ ਇਸ ਗੁਣ ਨੂੰ ਜਾਣਦੇ ਤੇ ਪਛਾਣਦੇ ਹਨ। ਸੰਨ1992 ‘ਚ ਵਿਧਾਇਕ ਬਣਨ ਤੋਂ ਪਹਿਲਾਂ ਉਹ ਅਕਸਰ ਕਵਿਤਾਵਾਂ ਸੁਣਾ ਲੈਂਦਾ ਸੀ ਪਰ ਹੁਣ ਝਿਜਕ ਜਾਂਦਾ ਹੈ। ਫਿਰ ਕਹਿਣਾ ਪੈਂਦਾ ਹੈ ਕਿ ਗਿਆਨੀ ਗੁਰਮੁਖ ਸਿੰਘ ਮੁਸਾਫਰ ਮੁੱਖ ਮੰਤਰੀ ਬਣ ਕੇ ਵੀ ਕਵੀ ਕਵੀ ਦਰਬਾਰਾਂ ਚ ਭਾਗ ਲੈ ਲੈਂਦਾ ਸੀ। ਪ੍ਰੇਮ ਸਿੰਘ ‘ਪ੍ਰੇਮ’ ਸਿੱਖਿਆ ਮੰਤਰੀ ਹੁੰਦਿਆਂ ਵੀ ਕਵਿਤਾ ਦਾ ਸੰਗੀ ਸਾਥੀ ਸੀ। ਵਜੀਰੀ ਮਲਕੀਤ ਸਿੰਘ ਨੇ ਵੀ ਮਾਣੀ ਹੈ ਪਰ ਕਵਿਤਾ ਵੱਲ ਪਿੱਠ ਕਰ ਕੇ। ਕਦੇ ਕਦੇ ਵਜਦ ਵਿੱਚ ਆ ਕੇ ਕੁਝ ਸੁਣਾ ਦਿੰਦਾ ਹੈ। ਪਿਛਲੇ ਸਮੇਂ ਚ ਸੱਰੀ(ਕੈਨੇਡਾ) ਤੋਂ ਮੇਰਾ ਮਿੱਤਰ ਕੁਲਦੀਪ ਗਿੱਲ ਆਇਆ ਹੋਇਆ ਸੀ ਮਕਸੂਦੜੇ ਵਾਲਾ, ਮਲਕੀਤ ਸਿੰਘ ਦਾਖਾ ਵੀ ਮਿਲਣ ਆਇਆ ਨਾਲੇ ਉਸਨੇ ਮੇਰੀ ਗਜਲ ਪੁਸਤਕ ਪ੍ਰਾਪਤ ਕਰਨੀ ਸੀ।ਕੁਲਦੀਪ ਨਾਲ ਇਲਾਕੇ ਦੀਆਂ ਕੁਝ ਗੱਲਾਂ ਕਰ ਉਪਰੰਤ ਆਪ ਹੀ ਰੇਸ਼ਮੀ ਥਾਨ ਵਾਂਗ ਉੱਧੜ ਕੇ ਮੋਗਾ ਗੋਲੀ ਕਾਂਡ ਵੇਲੇ ਸ਼ਹੀਦ ਹਰਜੀਤ ਚੜਿੱਕ ਤੇ ਸਵਰਨ ਨੂੰ ਸਮਰਪਿਤ ਕੁਝ ਕਵਿਤਾਵਾਂ ਜ਼ੁਬਾਨੀ ਸੁਣਾਈਆਂ। ਜੱਸੋਵਾਲ ਨੂੰ ਚੇਤੇ ਕੀਤਾ ਅਦਬੀ ਕਦਰਦਾਨੀ ਸਾਕੋਂ। ਕੁਲਦੀਪ ਹੈਰਾਨ ਹੋਇਆ ਸੁਣ ਰਿਹਾ ਸੀ। ਸਿਆਸਤ ਬੰਦੇ ਨੂੰ ਲੱਕੜ ਵਾਂਗ ਅੰਦਰੋਂ ਬਾਹਰੋਂ ਸੁਕਾ ਦਿੰਦੀ ਹੈ, ਉਸ ਕਿਹਾ ਤੇ ਚਲਾ ਗਿਆ ਕੁਲਦੀਪ ਨੂੰ ਗੁਲਦਸਤਾ ਸੌਂਪ ਕੇ। ਮਗਰੋਂ ਫੋਨ ਤੇ ਕਹਿਣ ਲੱਗਾ ਓਹੀ ਪਲ ਮੇਰੇ ਆਪਣੇ ਹੁੰਦੇ ਨੇ ਜਦ ਮੈਂ ਸ਼ਬਦਾਂ ਦੇ ਸੰਗ ਹੁੰਦਾ ਹਾਂ। ਇਕੱਲ ਦੇ ਪਲਾਂ ਚ ਪੱਕੀਆਂ ਸਹਾਈ ਕਿਤਾਬਾਂ ਹੀ ਹਨ ਜੋ ਅੰਦਰੋਂ ਸੁੱਕਣ ਨਹੀਂ ਦਿੰਦੀਆਂ। ਇਹ ਨਸਲ ਵੀ ਮੁੱਕ ਰਹੀ ਹੈ ਦੋਸਤੋ।


