28 ਜਨਵਰੀ ਤੋਂ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪਿਆਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ

ਫ਼ਿਰੋਜ਼ਪੁਰ 24 ਜਨਵਰੀ 2016 (ਪੰਕਜ ਕੁਮਾਰ) ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ  28 ਤੋ 30 ਜਨਵਰੀ 2018 ਤੱਕ ਦੇਸ਼ ਵਿਆਪੀ ਐਨ.ਆਈ.ਡੀ ਪਲਸ ਪੋਲੀਓ ਮੁਹਿੰਮ ਆਰੰਭੀ ਜਾ ਰਹੀ ਹੈ, ਇਸ ਮੁਹਿੰਮ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਅਸਰਦਾਰ ਢੰਗ ਨਾਲ ਚਲਾਉਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀ ਆਪਣਾ  ਸਹਿਯੋਗ ਦੇਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ ਆਈ.ਏ.ਐੱਸ ਨੇ ਪਲਸ ਪੋਲੀਓ ਮੁਹਿੰਮ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ । ਇਸ ਮੌਕੇ ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ ਵੀ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਪਿੰਡ ਪੱਧਰ ਤੱਕ 100 ਪ੍ਰਤੀਸ਼ਤ ਕਵਰੇਜ ਕਰਨ ਨੂੰ ਯਕੀਨੀ ਬਣਾਉਣ ਲਈ ਸਮੂਹ ਪੰਚਾਇਤਾਂ ਦਾ ਸਹਿਯੋਗ ਲਿਆ ਜਾਵੇ । ਉਨ੍ਹਾਂ ਦੱਸਿਆ ਕਿ 28 ਤੋ 30 ਜਨਵਰੀ 2018 ਤੱਕ ਜ਼ਿਲ੍ਹੇ ਦੀ ਲਗਭਗ 11 ਲੱਖ 24 ਹਜ਼ਾਰ 735 ਆਬਾਦੀ  ਤੇ 1 ਲੱਖ  83 ਹਜ਼ਾਰ 127 ਘਰਾਂ ਨੂੰ ਕਵਰ ਕੀਤਾ ਜਾਵੇਗਾ। 0 ਤੋਂ 5 ਸਾਲ ਤੱਕ ਦੇ 1 ਲੱਖ 14 ਹਜ਼ਾਰ 207 ਬੱਚਿਆਂ ਨੂੰ ਕਵਰ ਕਰਨ ਲਈ  762 ਬੂਥਾਂ ਸਮੇਤ  ਤੇ 115 ਸੁਪਰਵਾਈਜ਼ਰ ਲਗਾਏ ਗਏ ਹਨ ਅਤੇ ਇਸ ਤੋਂ ਇਲਾਵਾ ਹਾਊਸ-ਟੂ-ਹਾਊਸ 1163 ਟੀਮਾਂ, ਕੁੱਲ 18 ਮੋਬਾਈਲ ਟੀਮਾਂ ਕੰਮ ਕਰਨਗੀਆਂ।  ਉਨ੍ਹਾਂ ਮੀਟਿੰਗ ਵਿੱਚ ਵੱਖ ਵੱਖ ਅਦਾਰਿਆਂ ਤੋ ਸਹਿਯੋਗ ਦੀ ਮੰਗ ਕੀਤੀ ਗਈ ਤਾਂ ਜੋ ਕਿਸੇ ਕਾਰਨ ਕੋਈ ਵੀ  ਬੱਚਾ ਪੋਲੀਓ ਦੀਆਂ ਬੂੰਦਾਂ ਤੋ ਵਾਂਝਾ ਨਾ ਰਹਿ ਜਾਵੇ।  ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਡੀ. ਵਾਰਮਿੰਗ ਡੇਅ ਅਤੇ 15 ਫਰਵਰੀ ਨੂੰ ਮੋਪਅੱਪ ਡੇਅ ਬਣਾਇਆ ਜਾਵੇਗਾ। ਜਿਸ ਵਿੱਚ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਦਵਾਈਆਂ ਵੀ ਖੁਆਈਆਂ ਜਾਣਗੀਆਂ।     ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਚਲਾਉਣ ਲਈ, ਸਿੱਖਿਆ, ਇਸਤਰੀ ਤੇ ਬਾਲ ਵਿਕਾਸ , ਲੋਕ ਸੰਪਰਕ, ਪੇਂਡੂ ਵਿਕਾਸ, ਟਰਾਂਸਪੋਰਟ, ਪੁਲਿਸ, ਫੂਡ ਤੇ ਸਿਵਲ ਸਪਲਾਈ ਵਿਭਾਗਾਂ ਤੋਂ ਇਲਾਵਾ ਸਬ ਡਵੀਜ਼ਨ ਪੱਧਰ ਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਐਨ.ਜੀ.ਓ ਦਾ ਵੀ ਸਹਿਯੋਗ ਵੀ ਲਿਆ ਜਾਵੇ ਤਾਂ ਜੋ ਕਿਸੇ ਕਾਰਨ ਕੋਈ ਵੀ  ਬੱਚਾ ਪੋਲੀਓ ਦੀਆਂ ਬੂੰਦਾਂ ਤੋ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਡਾ. ਮੀਨਾਕਸ਼ੀ ਢੀਂਗੜਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਪ੍ਰਦੀਪ ਅਗਰਵਾਲ ਸੀਨੀਅਰ ਮੈਡੀਕਲ ਅਫ਼ਸਰ, ਡਾ. ਸੰਜੀਵ ਗੁਪਤਾ, ਡਾ. ਤੁਸ਼ਟੀ, ਨੋਡਲ ਅਫ਼ਸਰ, ਐਨ.ਜੀ.ਓ ਸਮੇਤ ਸਮੂਹ ਮੈਡੀਕਲ ਅਫ਼ਸਰ ਵੀ ਹਾਜ਼ਰ ਸਨ।