20 ਲੱਖ ਦੀ 6 ਕਿਲੋ ਅਫੀਮ ਸਮੇਤ ਪਿਓ-ਪੁੱਤ ਕਾਬੂ

ਫਿਰੋਜ਼ਪੁਰ ,27 ਜਨਵਰੀ (ਪੰਕਜ ਕੁਮਾਰ / ਲਛਮਣਜੀਤ ਸਿੰਘ ਪੁਰਬਾ)-ਨਸ਼ੇ ਦੇ ਜੜੋਂ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਫਿਰੋਜਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਪਿਓ-ਪੁੱਤ ਨੂੰ 6 ਕਿਲੋ ਅਫੀਮ ਸਮੇਤ ਗਿ੍ਰਫਤਾਰ ਕਰ ਲਿਆ। ਅਫੀਮ ਤਸਕਰੀ ਦੇ ਮਾਮਲੇ ਵਿਚ ਕਾਬੂ ਕੀਤੇ ਗਏ ਹਰਬੰਸ ਸਿੰਘ ਤੇ ਬਲਦੇਵ ਸਿੰਘ ਵਿਰੁੱਧ ਥਾਣਾ ਮੱਲਾਂਵਾਲਾ ਵਿਖੇ ਮੁਕੱਦਮਾ ਦਰਜ ਕਰਕੇ ਆਹਲਾ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਅਫੀਮ ਕਿਸ ਰਸਤਿਓਂ ਪੰਜਾਬ ਵਿਚ ਪਹੁੰਚਦੀ ਹੈ ਬਾਰੇ ਪਤਾ ਲੱਗ ਸਕੇ। ਪ੍ਰੈਸ ਕਾਨਫਰੰਸ ਦੌਰਾਨ 20 ਲੱਖ ਦੀ ਅਫੀਮ ਬਰਾਮਦਗੀ ਤੋਂ ਪਰਦਾ ਚੁੱਕਦਿਆਂ ਐਸ.ਐਸ.ਪੀ ਭੁਪਿੰਦਰ ਸਿੰਘ ਸਿੱਧੂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ੇ ਦੀ ਤਸਕਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਘਟਨਾਕ੍ਰਮ ਮੁਤਾਬਕ ਗੁਰਦਿੱਤੀ ਵਾਲਾ ਪੁਲ ਕੋਲ ਕੀਤੀ ਨਾਕੇਬੰਦੀ ਦੌਰਾਨ ਪੁਲਿਸ ਟੁਕੜੀ ਨੂੰ ਉਦੋਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਦੋ ਤਸਕਰਾਂ ਨੂੰ 20 ਲੱਖ ਦੀ 6 ਕਿਲੋ ਅਫੀਮ ਸਮੇਤ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜਮਾਂ ਦੀ ਪੁਲਿਸ ਵੱਲੋਂ ਹਰਬੰਸ ਸਿੰਘ ਤੇ ਬਲਦੇਵ ਸਿੰਘ ਵਜੋਂ ਪੁਸ਼ਟੀ ਕੀਤੀ ਹੈ, ਜੋ ਪਿਓ-ਪੁੱਤ ਇਸੇ ਪਿੰਡ ਦੇ ਵਸਨੀਕ ਹਨ। ਕਾਬੂ ਕੀਤੇ ਮੁਲਜਮਾਂ ਤੋਂ ਪੁਲਿਸ ਵੱਲੋਂ ਗਹੁ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।
ਅਫੀਮ ਸਮੇਤ ਗਿ੍ਰਫਤਾਰ ਕੀਤੇ ਮੁਲਜਮਾਂ ਦੀ ਗੱਲ ਕਰਦਿਆਂ ਐਸ.ਐਸ.ਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਫਿਰੋਜਪੁਰ ਪੁਲਿਸ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਰਗਰਮੀ ਨਾਲ ਸਮਾਜ ਵਿਰੋਧੀ ਅਨਸਰਾਂ ਦੀ ਭਾਲ ਕਰ ਰਹੀ ਹੈ। ਉਨਾਂ ਕਿਹਾ ਕਿ ਗਣਤੰਤਰ ਦਿਵਸ ਦੇ ਚਲਦਿਆਂ ਫਿਰੋਜਪੁਰ ਪੁਲਿਸ ਨੇ ਗੁਰਦਿਤੀ ਵਾਲਾ ਦੀਆਂ ਜੌੜੀਆਂ ਨਹਿਰਾਂ ਕੋਲ ਚੈਕਿੰਗ ਦੌਰਾਨ ਇਨਾਂ ਦੋਵਾਂ ਮੁਲਜਮਾਂ ਨੂੰ ਕਾਬੂ ਕਰਕੇ 6 ਕਿਲੋ ਅਫੀਮ ਬਰਾਮਦ ਕੀਤੀ ਹੈ। ਉਨਾਂ ਕਿਹਾ ਕਿ ਬਰਾਮਦ ਕੀਤੀ ਅਫੀਮ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ 20 ਲੱਖ ਰੁਪਏ ਕੀਮਤ ਬਣਦੀ ਹੈ ।


