ਕਲਾ ਅਤੇ ਖ਼ੂਬਸੂਰਤੀ ਦੀ ਸੁਮੇਲ ਹੈ ਸੁਨੰਦਾ ਸ਼ਰਮਾ

ਲੁਧਿਆਣਾ,27 ਜਨਵਰੀ (ਕੁਲਦੀਪ ਸਿੰਘ ਲੋਹਟ )-ਪੰਜਾਬੀ ਗੀਤ -ਸੰਗੀਤ ਵਿਚ ਚੰਗਾ ਗਾਉਣ ਵਾਲੀਆਂ ਗਾਇਕਾਵਾਂ ਦੀ ਹਮੇਸ਼ਾ ਹੀ ਘਾਟ ਰਹੀ ਹੈ,ਜ਼ਾਹਿਰ ਹੈ ਕਿ ਕੁੜੀਆਂ ਨੂੰ ਇਸ ਖੇਤਰ ਵਿਚ ਆਉਣ ਲਈ ਇਕ ਸੂਝਵਾਨ ,ਇਖਲਾਕੀ ਤੇ ਸਮੇਂ ਦੀ ਨਬਜ਼ ਪਛਾਨਣ ਵਾਲੇ ਮਾਰਗ ਦਰਸ਼ਕ ਦੀ ਲੋੜ ਹੁੁੰਦੀ ਹੈ, ਸਿੱਟੇ ਵਜੋਂ ਕਲਾਕਾਰਾ ਆਪਣੀ ਕਿਰਤ ਨੂੰ ਜੀਅ ਜਾਨ ਨਾਲ ਨਿਭਾਉਣ ਦੇ ਸਮਰੱਥ ਮਹਿਸੂਸ ਕਰਦੀ ਹੈ ਤੇ ਉਸਨੂੰ ਲੋਕ ਦਿਲਾਂ ’ਤੇ ਰਾਜ ਕਰਨ ਦੀ ਅਜ਼ਾਦੀ ਮਿਲ ਜਾਂਦੀ ਹੈ। ਪੰਜਾਬੀ ਗੀਤ ਸੰਗੀਤ ਦੇ ਖੇਤਰ ਵਿਚ ਵਿਸ਼ਵ ਬੁਲੰਦੀਆਂ ਨੂੰ ਛੂਹਣ ਵਾਲੀ ਚੁਲਬੁਲੀ ਗਾਇਕਾ ਸੁਨੰਦਾ ਸ਼ਰਮਾ ਵੀ ਇਸ ਗੱਲੋਂ ਕਿਸਮਤ ਦੀ ਧਨੀ ਹੈ ਕਿ ਉਸਨੂੰ ਸੰਗੀਤ ਦੇ ਸੂਝਵਾਨ ਨਿਰਮਾਤਾ ਜਨਾਬ ਪਿੰਕੀ ਧਾਲੀਵਾਲ ਦੀ ਯੋਗ ਅਗਵਾਈ ਪ੍ਰਾਪਤ ਹੋਈ ਹੈ।
ਧਾਲੀਵਾਲ ਦੀ ਪਾਰਖੂ ਅੱਖ ਨੇ ਜਦੋਂ ਸੁਨੰਦਾ ਨੂੰ ਨਵੇਂ ਨਿਵੇਕਲੇ ਅੰਦਾਜ਼ ਵਿਚ ਸਰੋਤਿਆਂ ਦੀ ਕਚਿਹਰੀ ਵਿਚ ਪੇਸ਼ ਕੀਤਾ ਤਾਂ ਇਹ ਨਿੱਕੇ ਜਿਹੇ ਕੱਦ ਦੀ ਮਲੂਕੜੀ ਜਿਹੀ ਕੁੜੀ ਕੱਦਾਵਰ ਗਾਇਕਾ ਵਜੋਂ ਉੱਭਰ ਕੇ ਸਾਹਮਣੇ ਆਈ। ਰਵਾਇਤੀ ਗਾਇਕੀ ਤੋਂ ਹੱਟਕੇ ਜਦੋਂ ਉਸਦੀ ਅਤੀ ਸੁਰੀਲੀ ਤੇ ਦਿਲ ਖਿੱਚਵੀਂ ਅਵਾਜ਼ ਵਿਚ ਗਾਇਆ ਗੀਤ ”ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ” ਮਾਰਕੀਟ ਵਿਚ ਆਇਆ ਤਾਂ ਸੰਗੀਤ ਮਾਰਕੀਟ ਵਿਚ ਵੱਜਦੇ ਅਨੇਕਾਂ ਬੰਬ ਠੁੱਸ ਹੋ ਗਏ। ਇਸ ਮਿੱਠ ਬੋਲੜੀ ਗਾਇਕਾ ਦੀ ਵਿਰਾਸਤ ਗੁਰਦਾਸਪੁਰ ਜ਼ਿਲੇ ਦੇ ਕਸਬਾ ਫਤਿਹਗੜ ਚੂੜੀਆਂ ਦੀ ਹੈ। ਪਿਤਾ ਸ੍ਰੀ ਵਿਨੋਦ ਕੁਮਾਰ ਤੇ ਮਾਤਾ ਸ੍ਰੀਮਤੀ ਸੁਮਨ ਸ਼ਰਮਾ ਨੂੰ ਆਪਣੀ ਲਾਡਲੀ ਧੀ ’ਤੇ ਅੰਤਾਂ ਦਾ ਮਾਣ ਹੈ। ਇਹ ਪ੍ਰਾਪਤੀ ਉਸਨੂੰ ਐਵੇਂ ਹੀ ਹਾਸਿਲ ਨਹੀ ਹੋਈ ਇਸ ਪਿੱਛੇ ਸੰਗੀਤ ਕਲਾ ਦੀ ਇਬਾਦਤ ਤੇ ਲੰਮੇ ਪੈਂਡਿਆਂ ਦਾ ਸ਼ੰਘਰਸ਼ ਗਵਾਹ ਹੈ,ਇਹੀ ਕਾਰਨ ਹੈ ਕਿ ਸੁਨੰਦਾ ਸ਼ਰਮਾ ਅੱਜ ਸੂਝਵਾਨ ਗਾਇਕਾ ਵਜੋਂ ਉੱਪਰ ਕੇ ਸਾਹਮਣੇ ਆਈ ਹੈ। ਉਸਨੇ ਸੰਗੀਤ ਕਲਾ ਵਿਚ ਗਿਣਾਤਮਿਕ ਤੇ ਗੁਣਾਤਮਕ ਦੋਹਾਂ ਪੱਧਰਾਂ ’ਤੇ ਵਿਲੱਖਣ ਭਾਂਤ ਦੇ ਪ੍ਰਯੋਗ ਕੀਤੇ ਹਨ। ਸੁਨੰਦਾ ਸ਼ਰਮਾ ਨੇ ਆਪਣੀ ਸੰਜਮਤਾ,ਸਮਝਦਾਰੀ ਅਤੇ ਭਾਵੁਕ ਦਿ੍ਰਸ਼ਟੀਕੋਣ ਨਾਲ ਹਰ ਇਕ ਦਾ ਮਨ ਹੀ ਨਹੀਂ ਮੋਹਿਆ ਸਗੋਂ ਲੋਕ ਦਿਲਾਂ ’ਤੇ ਗਹਿਰੀ ਅਮਿੱਟ ਛਾਪ ਵੀ ਛੱਡੀ ਹੈ। ਉਸਦੀ ਪੇਸ਼ਕਾਰੀ ਵਿਚ ਅਦਾ,ਸ਼ਿੱਦਤ,ਤੀਖਣਤਾ,ਸੂਖਮਤਾ,ਵਿਸ਼ਾਲਤਾ ਅਤੇ ਇਕ ਅਜਬ ਜਿਹਾ ਕਮਾਲ ਵੀ ਹੈ ਜੋ ਸਰੋਤਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਰੂਹਦਾਰੀ ਵੀ ਪ੍ਰਦਾਨ ਕਰਦਾ ਹੈ। ਇਨਾਂ ਕਲਾਤਮਿਕ ਗੁਣਾਂ ਕਰਕੇ ਉਹ ਆਪਣੇ ਛੋਟੇ ਜਿਹੇ ਸੰਗੀਤਕ ਸਫਰ ਦੌਰਾਨ ਵਿਸ਼ਵ ਪੱਧਰ ’ਤੇ ਆਪਣੀ ਗਾਇਕੀ ਦੇ ਜੌਹਰ ਦਿਖਾ ਕੇ ਵਿਸ਼ਵ ਭਰ ਦੇ ਪੰਜਾਬੀਆਂ ਦੀ ਲਾਡਲੀ ਗਾਇਕਾ ਹੋ ਨਿੱਬੜੀ ਹੈ। ਸੁਨੰਦਾ ਸ਼ਰਮਾ ਦੀ ਗਾਉਣ ਕਲਾ ਕਾਬਿਲ-ਏ-ਤਾਰੀਫ ਤਾਂ ਹੈ ਹੀ ਪ੍ਰੰਤੂ ਜਿਸ ਤਰਾਂ ਉਸ ਕੋਲ ਸਟੇਜ ਪ੍ਰਫਾਰਮੈਂਸ ਰਾਹੀਂ ਨੱਚ-ਨੱਚ ਧਮਾਲਾਂ ਪਾਉਣ ਦੀ ਮੁੱਲਵਾਨ ਕਲਾ ਦੀ ਵੀ ਮੁਹਾਰਤ ਹੈ ਉਸ ਤੋਂ ਨਵੀਂ ਪੀੜੀ ਦੇ ਸਰੋਤੇ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕਦੇ। ਅੱਜ ਜਦੋਂ ਗੀਤ ਵਕਤ ਦੇ ਵਹਾਅ ਹੇਠ ਥੋੜੇ ਸਮੇ ’ਚ ਆਈ ਗਈ ਗੱਲ ਹੋ ਜਾਂਦੀ ਏ ਉਸ ਵੇਲੇ ਸੁਨੰਦਾ ਦੇ ”ਪਟਾਕੇ” ਅੱਜ ਵੀ ਵਿਆਹਾਂ ਪਾਰਟੀਆਂ ਦਾ ਸ਼ਿੰਗਾਰ ਹੋ ਕੇ ਡੀ.ਜੇ ’ਤੇ ਵੱਜਦੇ ਸੁਣਾਈ ਦਿੰਦੇ ਹਨ ਬੇਸ਼ੱਕ ਕਿ ਅਸਲ ਜ਼ਿੰਦਗੀ ਵਿਚ ਪੰਜਾਬ ਪੁਲਿਸ ਨੌਜਵਾਨਾਂ ਪਾਏ ਜਾਂਦੇ ਬੁਲਟ ਦੇ ਪਟਾਕਿਆਂ ਨੂੰ ਬੰਦ ਕਰਵਾਉਣ ਵਿਚ ਸਫ਼ਲ ਰਹੀ ਹੈ। ਲੰਮਾਂ ਸਮਾਂ ਲੋਕ ਦਿਲਾਂ ’ਤੇ ਰਾਜ ਕਰਨ ਦੀ ਕਾਬਲੀਅਤ ਮੁੱਠੀ ਭਰ ਲੋਕਾਂ ਦੇ ਹਿੱਸੇ ਆਉਂਦੀ ਹੈ ਤੇ ਸੁਨੰਦਾ ਸ਼ਰਮਾ ਨੂੰ ਇਹ ਮਾਣ ਬਾਖੂਬੀ ਪ੍ਰਾਪਤ ਹੋਇਆ ਹੈ।”ਪਟਾਕੇ ”ਤੋਂ ਬਾਅਦ ”ਜਾਨੀ” ਤੇ ਹੁਣ ਉਸਨੇ ”ਕੋੋਕੇ” ਗੀਤ ਰਾਹੀਂ ਸੰਗੀਤਕ ਵਿਹੜੇ ਵਿਚ ਦਸਤਕ ਦਿੱਤੀ ਹੈ।
ਸੰਗਦਿਲ ਸੰਤਾਲੀ ਦੀ ਇਸ ਰਚਨਾਂ ਵਿਚ ਲੋਕ ਗੀਤ ਵਰਗਾ ਰਸਰੰਗ ਹੈ। ਸਾਫ ਸੁਥਰੇ ਬੋਲਾਂ ਦੇ ਨਾਲ-ਨਾਲ ਤਕਨੀਕੀ ਪੱਖ ਤੋਂ ਮਿਆਰੀ ਤੇ ਮਹਿੰਗੇ ਬਜਟ ਦੇ ਵੀਡੀਓ ਫਿਲਮਾਂਕਣ ਨਾਲ ਪੰਜਾਬੀ ਪੁਰਾਤਨ ਬੋਲਾਂ ਨੂੰ ਨਵੀਨਤਾ ਨਾਲ”ਮੇਡ ਫਾਰ ਮਿਊਜ਼ਿਕ” ਦੇ ਬੈਨਰ ਹੇਠ ਪਿੰਕੀ ਧਾਲੀਵਾਲ ਵਲੋਂ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ।”ਕੋੋਕੇ” ਗੀਤ ਰਾਹੀਂ ਸੁਨੰਦਾ ਸ਼ਰਮਾ ਨੇ ਆਪਣੀ ਰਵਾਇਤੀ ਪੇਸ਼ਕਾਰੀ ਨੂੰ ਬਰਕਰਾਰ ਰੱਖਦਿਆਂ ਮਸਤ ਮੁਟਿਆਰਾਂ ਵਰਗਾ ਕਲਾਤਮਿਕ ਤੇ ਦਿਲ ਖਿੱਚਵਾਂ ਜਲੌਅ ਪੇਸ਼ ਕੀਤਾ ਹੈ ਤੇ ਦਰਸ਼ਕਾਂ ਨੇ ਵੀ ”ਕੋੋਕੇ” ਗੀਤ ਨੂੰ ਰੱਜਵਾਂ ਪਿਆਰ ਦਿੱਤਾ ਹੈ।
************** ਕੁਲਦੀਪ ਸਿੰਘ ਲੋਹਟ
ਪਿੰਡ ਤੇ ਡਾਕ.ਅਖਾੜਾ ਤਹਿਸੀਲ ਜਗਰਾਉਂ (ਲੁਧਿ:)
98764-92410
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ
VIDEO OF NEW SONG KOKE----CLIK BELOW


