ਭੂਚਾਲ ਨਾਲ ਉੱਤਰੀ ਭਾਰਤ ਕੰਬਿਆਂ ,ਲੋਕਾਂ ਵਿਚ ਸਹਿਮ ਦਾ ਮਾਹੌਲ

ਮੋਗਾ,31 ਜਨਵਰੀ (ਜਸ਼ਨ)-ਅੱਜ ਉੱਤਰ ਭਾਰਤ ਵਿਚ ਆਏ ਭੂਚਾਲ ਨੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਅਫਗਾਨਿਸਤਾਨ ਅਤੇ ਤਾਜ਼ੀਕਸਤਾਨ ਸਰਹੱਤ ਤੋਂ ਆਰੰਭ ਹੋਏ ਭੂਚਾਲ ਨੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਨੂੰ ਕੰਬਣੀ ਛੇੜ ਦਿੱਤੀ । ਭਾਰਤ ਸਰਕਾਰ ਦੇ ਮੈਟਰੌਲੋਜੀਕਲ ਵਿਭਾਗ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 6.2 ਰਹੀ ਅਤੇ ਹਿੰਦੂਕੁਸ਼ ਖੇਤਰ ਵਿਚ 190 ਕਿਲੋਮੀਟਰ ਦੀ ਡੰੂਘਾਈ ’ਤੇ ਇਸ ਦਾ ਕੇਂਦਰ ਬਿੰਦੂ ਰਿਹਾ । ਬੇਸ਼ੱਕ ਭੂਚਾਲ ਦੇ ਝਟਕੇ ਕੁਝ ਸਕਿੰਟਾਂ ਲਈ ਜਾਰੀ ਰਹੇ ਪਰ ਫੇਰ ਵੀ ਲੋਕ ਡਰ ਦੇ ਮਾਰੇ ਭੱਜ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਦਿੱਲੀ ਵਿਚ ਸਰਕਾਰ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਮੈਟਰੋ ਟਰੇਨਾਂ ਨੂੰ ਰੋਕ ਦਿੱਤਾ । ਹਾਲ ਦੀ ਘੜੀ ਇਸ ਭੂਚਾਲ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਫੇਰ ਵੀ ਸਰਕਾਰ ਵੱਲੋਂ ਪ੍ਰਸਾਸ਼ਨ ਨੂੰ ਇਸ ਸਬੰਧੀ ਅਹਤਿਆਤ ਵਰਤਣ ਲਈ ਕਿਹਾ ਗਿਆ ਹੈ। ਦੁਪਹਿਰ 12.40 ਮਿੰਟ ’ਤੇ ਆਏ ਭੂਚਾਲ ਉਪਰੰਤ ਜਿਥੇ ਸੋਸ਼ਲ ਮੀਡੀਆ ’ਤੇ ਲੋਕਾਂ ਦੀ ਸਰਗਰਮੀ ਵੱਧ ਗਈ ਉੱਥੇ ਲੋਕੀਂ ਵਟਸਐਪ ਨੂੰ ਛੱਡ ਕੇ ਇਕ ਦੂਜੇ ਨੂੰ ਫੋਨ ਕਰਦੇ ਦੇਖੇ ਗਏ। ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਭਾਰਤ ਭੂਚਾਲ ਦੀ ਕਰੋਪੀ ਤੋਂ ਬਚਿਆ ਰਿਹਾ ਹੈ ਅਤੇ ਜੇ ਕਿਤੇ ਭੂਚਾਲ ਆਇਆ ਵੀ ਹੈ ਤਾਂ ਉਸ ਦੀ ਤੀਬਰਤਾ ਪੰਜ ਦੇ ਆਸ ਪਾਸ ਰਹੀ ਹੈ ਪਰ ਅੱਜ ਭੂਚਾਲ ਦੀ ਤੀਬਰਤਾ 6.2 ਹੋਣਾ ਉੱਤਰੀ ਭਾਰਤ ਖਾਸਕਰ ਦਿੱਲੀ ਅਤੇ ਪੰਜਾਬ ਲਈ ਖਤਰੇ ਦੀ ਘੰਟੀ ਹੈ। ਨੈਚੂਰਲ ਡਿਜ਼ਾਸਟਰ ਮੈਨੇਜਮੈਂਟ ਦੇ ਮਾਸਟਰ ਟਰੇਨਰ ਮੇਜਰ ਪ੍ਰਦੀਪ ਕੁਮਾਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਿਕਟਰ ਸਕੇਲ ਦੇ 6 ਪੋਆਇੰਟ ਤੋਂ ਵੱਧ ਦਾ ਭੂਚਾਲ ਆਉਂਣਾ ਖਤਰੇ ਦੀ ਘੰਟੀ ਹੈ ਕਿਉਂਕਿ ਇਸ ਤੀਬਰਤਾ ਵਾਲੇ ਭੂਚਾਲ ਨਾਲ ਯਕੀਨਨ ਇਮਾਰਤਾਂ ਢਹਿ ਜਾਂਦੀਆਂ ਹਨ ਜਿਹਨਾਂ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਉਤਰਾਖੰਡ, ਹਿਮਾਚਲ ਅਤੇ ਹਿਮਾਚਲ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਨੂੰ ਵਿਗਿਆਨੀਆਂ ਵੱਲੋਂ ਰਿਕਟਰ ਸਕੇਲ ਦੇ 6 ਤੋਂ ਵੱਧ ਤੀਬਰਤਾ ਵਾਲੇ ਭੂਚਾਲ ਤੋਂ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ਜਿਸ ਤੋਂ ਭਾਵ ਹੈ ਕਿ ਭਵਿੱਖ ਵਿਚ ਜਦੋਂ ਕਦੇ ਵੀ ਇਹਨਾਂ ਇਲਾਕਿਆਂ ਵਿਚ ਭੂਚਾਲ ਆਵੇਗਾ ਤਾਂ ਉਸਦੀ ਤੀਬਰਤਾ ਯਕੀਨਨ ਰਿਕਟਰ ਸਕੇਲ ’ਤੇ 6 ਪੋਆਇੰਟ ’ਤੋਂ ਵੱਧ ਹੋਣ ਦੀ ਸੰਭਾਵਨਾ ਰਹੇਗੀ ਇਸ ਕਰਕੇ ਸਰਕਾਰ ਵੱਲੋਂ ਆਮ ਲੋਕਾਂ ਨੂੰ ਭੂਚਾਲ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ । ਉਹਨਾਂ ਕਿਹਾ ਕਿ ਭੂਚਾਲ ਦੇ ਪ੍ਰਕੋਪ ਤੋਂ ਬਚਣ ਲਈ ਇਮਾਰਤਾਂ ਭੂਚਾਲ ਰੋਧਕ ਬਣਾਉਣ ਦੀ ਲੋੜ ਹੈ ਕਿਉਂਕਿ ਭੂਚਾਲ ਦੀਆਂ ਤਰੰਗਾਂ ਤੋਂ ਬਚਣ ਲਈ ਡੱਬਾਨੁਮਾ ਇਮਾਰਤਾਂ ਉੱਚ ਤੀਬਰਤਾ ਵਾਲੇ ਭੂਚਾਲ ਤੋਂ ਵੀ ਸੁਰੱਖਿਅਤ ਰਹਿ ਸਕਦੀਆਂ ਹਨ ।