ਐਨ.ਸੀ.ਸੀ. ਕੈਡਿਟਾਂ ਲਈ ਦੋ ਦਿਨਾਂ ਫਾਇਰਿੰਗ ਸਿਖਲਾਈ ਕੈਂਪ ਲਗਾਇਆ ਗਿਆ

ਮੋਗਾ, 1 ਫਰਵਰੀ (ਜਸ਼ਨ): ਪੰਜ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦੇ ਕਮਾਡਿੰਗ ਅਫ਼ਸਰ ਕਰਨਲ ਐਮ.ਐਸ. ਚਾਹਲ ਦੇ ਨਿਰਦੇਸ਼ਾ ਅਨੁਸਾਰ ਦੋ ਦਿਨਾਂ ਫਾਇਰਿੰਗ ਸਿਖਲਾਈ ਕੈਂਪ ਮੋਗਾ ਦੇ ਡੀ.ਐਮ. ਕਾਲਿਜ ਵਿਖੇ ਲਗਾਇਆ ਗਿਆ।

ਕੈਂਪ ਦੌਰਾਨ ਸੈਕਰਟ ਹਾਰਟ ਮੋਗਾ, ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਅਤੇ ਫਤਿਹਗੜ ਪੰਜਤੂਰ, ਬਲੂਮਿੰਗ ਬਡਜ਼ ਸਕੂਲ ਮੋਗਾ, ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ, ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਅਤੇ ਖਾਲਸਾ ਕਾਲਜ ਸਿਧਵਾਂ ਖੁਰਦ ਆਦਿ ਸਕੂਲਾਂ ਦੇ ਲਗਭਗ 300 ਐਨ.ਸੀ.ਸੀ. ਕੈਡਿਟਾਂ ਨੇ ਹਿੱਸਾ ਲਿਆ। ਐਨ.ਸੀ.ਸੀ. ਵਲੋਂ ਸੂਬੇਦਾਰ ਮੇਜਰ ਗੁਰਮੀਤ ਸਿੰਘ ਨੇ ਬੱਚਿਆਂ ਨੂੰ ਫਾਇਰਿੰਗ ਕਰਨ ਅਤੇ ਫਾਇਰਿੰਗ ਦੌਰਾਨ ਆਪਣੀ ਸੁਰੱਖਿਆ ਲਈ ਮਹੱਤਵਪੂਰਨ ਜਾਣਕਾਰੀ ਦਿੱਤੀ । ਕੈਂਪ ਦੀ ਸਮਾਪਤੀ ਮੌਕੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇਦਾਰ ਮੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਖਾਸ ਕਰ ਲੜਕੀਆਂ ਨੂੰ ਸੈਲਫ ਡਿਫੈਂਸ ਬਾਰੇ ਜਾਣਕਾਰੀ ਦੇਣਾ ਅਤੇ ਬੱਚਿਆਂ ਵਿੱਚ ਦੇਸ਼ ਭਗਤੀ ਦੀ ਲਹਿਰ ਨੂੰ ਪੈਦਾ ਕਰਨਾ ਹੈ, ਤਾਂ ਜੋ  ਇਹ ਐਨ.ਸੀ.ਸੀ. ਕੈਡਿਟ  ਦੇਸ਼ ਨੂੰ ਜ਼ਰੂਰਤ ਪੈਣ ’ਤੇ ਤਿਆਰ ਬਰ ਤਿਆਰ ਰਹਿਣ ਅਤੇ ਦੇਸ਼ ਸੇਵਾ ਵਿੱਚ ਆਪਣਾ ਯੋਗਦਾਨ ਦੇ ਸਕਣ। ਉਨਾਂ ਕਿਹਾ ਕਿ ਇਸ ਕੈਂਪ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ਼ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਇਸ ਜਾਣਕਾਰੀ ਨਾਲ ਬੱਚਿਆਂ ਅੰਦਰ ਛੁਪੇ ਡਰ ਨੂੰ ਖ਼ਤਮ ਕੀਤਾ ਜਾ ਸਕਦਾ ਹੈ।