ਸੰਤ ਬਾਬਾ ਭਾਗ ਸਿੰਘ ਸੰਸਥਾਵਾਂ ਸੁਖਾਨੰਦ ਦੀਆਂ ਖਿਡਾਰਨਾਂ ਨੇ ਵੱਖ-ਵੱਖ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ‘ਚ ਝੰਡਾ ਕੀਤਾ ਬੁਲੰਦ

ਮੋਗਾ,1 ਫਰਵਰੀ (ਜਸ਼ਨ)- ਸੰਤ ਬਾਬਾ ਹਜ਼ੂਰਾ ਸਿੰਘ ਜੀ ਦੇ ਆਸ਼ੀਰਵਾਦ ਅਤੇ ਰਹਿਨੁਮਾਈ ਹੇਠ ਬੁਲੰਦੀਆਂ ਨੂੰ ਛੋਹਣ ਵਾਲੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਨੂੰ ਆਪਣੀਆਂ ਹੋਣਹਾਰ ਖਿਡਾਰਨਾਂ ਤੇ ਸਦਾ ਮਾਣ ਰਿਹਾ ਹੈ। ਇਸ ਸੈਸ਼ਨ ਦੌਰਾਨ ਵੀ ਕਾਲਜ ਦੀਆਂ ਖਿਡਾਰਨਾਂ ਰਾਜ,ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੱਕ ਕਾਲਜ ਦਾ ਨਾਮ ਰੁਸ਼ਨਾ ਰਹੀਆਂ ਹਨ। ਕਾਲਜ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰਲਿਫਟਿੰਗ ਦੀ ਖਿਡਾਰਣ ਛਾਇਆ, ਬੀ.ਏ. ਭਾਗ ਪਹਿਲਾ ਨੇ ਦਿੱਲੀ ਸਟੇਟ ਪਾਵਰ ਲਿਫ਼ਟਿੰਗ ਚੈਂਪਨੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਂਚ ਪ੍ਰੈਸ ਵਿੱਚੋਂ ਸੋਨੇ ਅਤੇ ਚਾਂਦੀ ਦੇ ਤਮਗੇ ਹਾਸਿਲ ਕੀਤੇ। ਇਸੇ ਲੜੀ ਵਿੱਚ ਵੇਟ ਲਿਫ਼ਟਰ ਊਸ਼ਾ, ਬੀ.ਏ. ਭਾਗ ਪਹਿਲਾ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਦਿੱਲੀ ਵਿਖੇ ਸੀਨੀਅਰ ਤੇ ਜੂਨੀਅਰ ਸਟੇਟ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਦੋ ਤਮਗੇ ਹਾਸਿਲ ਕਰਕੇ ਕਾਲਜ ਦਾ ਨਾਮ ਰੁਸ਼ਨਾਇਆ। ਜਾਣਕਾਰੀ ਵਿੱਚ ਵਾਧਾ ਕਰਦਿਆਂ ਅਤੇ ਅਤਿ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਡਾ.ਸੁਖਵਿੰਦਰ ਕੌਰ ਨੇ ਦੱਸਿਆ ਕਿ ਕਾਲਜ ਦੀ ਜਿਮਨਾਸਟਿਕ ਟੀਮ ਨੇ ਵੀ ਪੰਜਾਬ ਸਟੇਟ ਵੂਮੈਨ ਚੈਂਪੀਅਨਸ਼ਿਪ ਸੰਗਰੂਰ ਵਿਖੇ ਬਿਹਤਰੀਨ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਨਾਲ ਹੀ ਇਸ ਟੀਮ ਦੀ ਸਰਵਉੱਤਮ ਖਿਡਾਰਨ ਰੂਬੀ ਯਾਦਵ, ਬੀ.ਏ. ਭਾਗ ਪਹਿਲਾ ਨੇ ਵਿਅਕਤੀਗਤ ਤੌਰ ਤੇ ਦੋ ਚਾਂਦੀ ਦੇ ਅਤੇ ਇੱਕ ਕਾਂਸੇ ਦਾ ਮੈਡਲ ਵੀ ਹਾਸਲ ਕੀਤਾ। ਇੰਨਾਂ ਪ੍ਰਾਪਤੀਆਂ ਨਾਲ ਖੇਡ ਵਿਭਾਗ ਮੁਖੀ, ਡਾ.ਸੁਖਜੀਤ ਢਿਲੋਂ, ਸਹਾਇਕ ਪ੍ਰੋਫ਼ੈਸਰ ਕਿਰਨਜੀਤ ਕੌਰ ਅਤੇ ਕੋਚ ਦੇ ਨਾਲ-ਨਾਲ ਖਿਡਾਰਨਾਂ ਦੇ ਮਾਤਾ-ਪਿਤਾ ਦਾ ਸਿਰ ਫਖ਼ਰ ਨਾਲ ਉੱਚਾ ਹੋਇਆ ਹੈ।ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਨੇ ਇੰਨਾਂ ਪ੍ਰਤਿਭਾਵਾਨ ਖਿਡਾਰਨਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਹੋਰ ਬੁਲੰਦੀਆਂ ਹਾਸਿਲ ਕਰਨ ਲਈ ਉਤਸ਼ਾਹਿਤ ਕੀਤਾ।


