ਵਪਾਰੀ ਨੂੰ ਮਾਰੀਆਂ ਗੋਲੀਆਂ,ਲੁਟੇਰੇ ਦਿਨ ਦਿਹਾੜੇ ਨਕਦੀ ਸਮੇਤ ਫਰਾਰ

ਤਰਨਤਾਰਨ,2 ਫਰਵਰੀ (ਜਸ਼ਨ)- ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀਂ ਗੈਂਗਸਟਰਾਂ ਖਿਲਾਫ਼ ਤੇਜ਼ ਕੀਤੀ ਮੁਹਿੰਮ ਦੇ ਬਾਵਜੂਦ ਅੱਜ ਪੰਜਾਬ ਵਿਚ ਲੁਟੇਰਿਆਂ ਵੱਲੋਂ ਇਕ ਵਪਾਰੀ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ । ਤਰਨਤਾਰਨ ਜ਼ਿਲੇ ਵਿਚ ਵਾਪਰੀ ਇਸ ਘਟਨਾ ਨੇ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਘਟਨਾ ਤਰਨਤਾਰਨ ਜ਼ਿਲੇ ਦੇ ਕਸਬੇ ਪੱਟੀ ਵਿਖੇ ਐਕਸਿਸ ਬੈਂਕ ਦੇ ਬਾਹਰ ਵਾਪਰੀ ਜਦੋਂ ਆਈ 20 ਕਾਰ ਵਿਚ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਸ਼ਹਿਰ ਦੇੇ ਨਾਮੀਂ ਵਪਾਰੀ ਅਜੀਤ ਜੈਨ ਨੂੰ ਗੋਲੀ ਮਾਰ ਦਿੱਤੀ। ਵਪਾਰੀ ਜੀਤ ਜੈਨ ਬੈਂਕ ਵਿਚ ਪੈਸੇ ਜਮਾਂ ਕਰਵਾਉਣ ਜਾ ਰਿਹਾ ਸੀ। ਲੁਟੇਰਿਆਂ ਨੇ ਵਪਾਰੀ ਤੋਂ ਨਕਦੀ ਹਥਿਆਉਣ ਲਈ ਹੱਥੋ ਪਾਈ ਕੀਤੀ ਅਤੇ ਗੋਲੀ ਮਾਰਨ ਉਪਰੰਤ ਵਪਾਰੀ ਤੋਂ ਨਕਦੀ ਰਕਮ ਖੋਹ ਕੇ ਫਰਾਰ ਹੋ ਗਏ।ਜ਼ਖਮੀ ਵਿਅਕਤੀ ਨੂੰ ਪ੍ਰਾਇਵੇਟ ਹੱਸਪਤਾਲ ਲਿਜਾਇਆ ਗਿਆ ਜਿੱਥੇ ਉੰਨਾ ਦੀ ਮੌਤ ਹੋ ਗਈ ।ਪੁਲਿਸ ਨੇ ਨਾਕਾਬੰਦੀ ਕਰਕੇ ਲੁਟੇਰਿਆਂ ਨੂੰ ਗਿ੍ਰਫਤਾਰ ਕਰਨ ਦੀ ਮੁਹਿੰਮ ਆਰੰਭ ਦਿੱਤੀ ਹੈ। ਪੁਲਿਸ ਨਜ਼ਦੀਕ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਘੋਖ ਪੜਤਾਲ ਕਰ ਰਹੀ ਹੈ ਕਿਉਂਕਿ ਇਹ ਨਿਸ਼ਚਿਤ ਹੈ ਕਿ ਸਮੁੱਚੀ ਘਟਨਾ ਇਹਨਾਂ ਕੈਮਰਿਆਂ ਵਿਚ ਕੈਦ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਬੈਂਕ ਦਾ ਗਨਮੈਨ ਇਸ ਸਾਰੀ ਘਟਨਾ ਨੂੰ ਦੇਖ ਰਿਹਾ ਸੀ ।ਤਰਨਤਾਰਨ ਦੇ ਐਸ ਐਸ ਪੀ ਦਰਸ਼ਨ ਸਿੰਘ ਮਾਨ ਸਮੇਤ ਜ਼ਿਲੇ ਦੇ ਉਚ ਅਧਿਕਾਰੀ ਘਟਨਾ ਸਥਾਨ ਤੇ ਪੁਜੇ ਪਰ ਐਸ ਐਸ ਪੀ ਵਲੋਂ ਮੀਡੀਆ ਨੂੰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਤਿੰਨ ਦਿਨ ਪਹਿਲਾਂ ਤਰਨਤਾਰਨ ਵਿਚ ਵੀ ਦਿਨ ਦਿਹਾੜੇ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਸੀ ।ਇਸ ਮੌਕੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉੰਨਾ ਦੇ ਪਰਿਵਾਰ ਦੇ ਤਿੰਨ ਲੋਕ ਅੱਤਵਾਦ ਵੇਲੇ ਅੱਤਵਾਦੀਆਂ ਦੀਆ ਗੋਲੀਆਂ ਦਾ ਸ਼ਿਕਾਰ ਹੋਏ ਹਨ ਅਤੇ ਅੱਜ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਕਰਕੇ ਇਹ ਘਟਨਾ ਵਾਪਰੀ। ਉੰਨਾ ਕਿਹਾ ਪੁਲਿਸ ਦੀ ਜਾਂਚ ਨੂੰ ਤਾਂ ਸਹੀ ਮੰਨਦੇ ਹਨ ਜੇਕਰ ਪੁਲਿਸ ਸੰਸਕਾਰ ਤੋਂ ਪਹਿਲਾਂ ਦੋਸ਼ੀਆਂ ਖਿਲਾਫ ਕਾਰਵਾਈ ਕਰੇ । ਮੌਕੇ ਤੇ ਆਏ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਘਟਨਾ ਵੀ ਅੱਤਵਾਦ ਵਰਗੀ ਹੈ। ਉੰਨਾ ਕਿਹਾ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੱਖਤ ਆਦੇਸ਼ ਦਿੱਤੇ ਗਏ ਹਨ ਕਿ ਅਜਿਹੇ ਦੋਸ਼ੀਆਂ ਖਿਲਾਫ ਕੋਈ ਢਿਲਮੱਠ ਨਾ ਵਰਤੀ ਜਾਵੇ ਜਦ ਉੰਨਾ ਕੋਲੋ ਪੁੱਛਿਆ ਗਿਆ ਕਿ ਲੋਕ ਇਲਜ਼ਾਮ ਲਗਾ ਰਹੇ ਹਨ ਕਿ ਪੁਲਿਸ ਨਸ਼ੇ ਕਰਨ ਵਾਲਿਆਂ ਨੂੰ 200- 500 ਲੈਕੇ ਛੱਡ ਦੇਂਦੀ ਹੈ ਤਾਂ ਉੰਨਾ ਕਿਹਾ ਕਿ ਉੰਨਾ ਨੂੰ ਦਸਿਆ ਜਾਵੇ ਉਹ ਤਰੁੰਤ ਉੰਨਾ ਪੁਲਿਸ ਵਾਲਿਆਂ ਨੂੰ ਬਦਲ ਦੇਣਗੇ ।ਇਸ ਮੌਕੇ ਡੀ ਐਸ ਪੀ ਪੱਟੀ ਸੋਹਣ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਦੋਸ਼ੀਆਂ ਨੂੰ ਫੜਨ ਲਈ ਨਾਕਾਬੰਦੀ ਕਰ ਲਈ ਗਈ ਹੈ ਦੋਸ਼ੀ ਜਲਦੀ ਕਾਬੂ ਕਰ ਲਏ ਜਾਣਗੇ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੁਟੇਜ ਵਿਚ ਵਪਾਰੀ ਤੋਂ ਪੈਸਿਆਂ ਵਾਲਾ ਬੈਗ ਖੋਹਦੇ ਵਿਅਕਤੀ ਸਾਫ਼ ਨਜ਼ਰ ਆਉਂਦੇ ਹਨ ਅਤੇ ਘਟਨਾ ਮੁਤਾਬਕ ਵਪਾਰੀ ਬੈਗ ਵਾਲੇ ਵਿਅਕਤੀ ਮਗਰ ਭੱਜਿਆ ਅਤੇ ਉਸ ਨਾਲ ਗੁਥਮਗੁੱਥਾ ਹੋ ਗਿਆ। ਇਸੇ ਦੌਰਾਨ ਇਕ ਹੋਰ ਵਿਅਕਤੀ ਨੇ ਵਪਾਰੀ ਨੂੰ ਗੋਲੀ ਮਾਰ ਦਿੱਤੀ । ਉਹਨਾਂ ਦੱਸਿਆ ਕਿ ਵਪਾਰੀ ਦੇ ਬੇਸ਼ੱਕ ਲੱਤ ਵਿਚ ਗੋਲੀ ਵੱਜ ਸੀ ਪਰ ਜ਼ਿਆਦਾ ਖੂਨ ਵਹਿਣ ਕਰਕੇ ਉਸਦੀ ਮੌਤ ਹੋ ਗਈ । ਅੱਜ ਦੀ ਇਸ ਘਟਨਾ ਉਪਰੰਤ ਵਪਾਰੀ ਦੇ ਰਿਸ਼ਤੇਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਅਤੇ ਉਹਨਾਂ ਪੁਲਿਸ ਅਧਿਕਾਰੀਆਂ ਨਾਲ ਤਲਖ ਕਲਾਮੀ ਕਰਦਿਆਂ ਆਖਿਆ ਕਿ ਸੁਰੱਖਿਆ ਗਾਰਡਾਂ ਦੇ ਸਾਹਮਣੇ ਇਹ ਘਟਨਾ ਵਾਪਰਨਾ ਸਪੱਸ਼ਟ ਅਣਗਹਿਲੀ ਹੈ ਤੇ ਵਪਾਰੀ ਦੇ 15 ਮਿੰਟ ਤੱਕ ਬੈਂਕ ਸਾਹਮਣੇ ਜ਼ਖਮੀ ਹਾਲਤ ਵਿਚ ਪਏ ਰਹਿਣ ਕਰਕੇ ਹੀ ਉਸ ਦੀ ਮੌਤ ਹੋ ਗਈ ਜਦਕਿ ਉਸ ਨੂੰ ਬਚਾਇਆ ਜਾ ਸਕਦਾ ਸੀ।


