ਤਾਰੇਵਾਲਾ ਛੱਪੜ ਦੇ ਗੰਦੇ ਪਾਣੀ ਨੇ ਕੀਤਾ ਲੋਕਾਂ ਦੇ ਨੱਕ ’ਚ ਦਮ

ਬਾਘਾਪੁਰਾਣਾ,2 ਫਰਵਰੀ (ਜਸਵੰਤ ਗਿੱਲ)-ਸਥਾਨਕ ਸ਼ਹਿਰ ਦੇ ਇਕੋ ਇਕ ਬਾਕੀ ਬਚੇ ਤਾਰੇਵਾਲਾ ਛੱਪੜ ਦੇ ਲਗਾਤਾਰ ਉਛਲਦੇ ਹੋਣ ਕਰਕੇ ਇਸ ਦੀ ਲਾਗਲੀ ਵਸੋਂ ਪਿਛਲੇ ਇਕ ਅਰਸੇ ਤੋਂ ਡਾਹਢੀ ਪ੍ਰੇਸ਼ਾਨ ਹੈ। ਛੱਪੜ ਦੇ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਇਸ ਵਿਚ ਹੋਰ ਪਾਣੀ ਸਮਾਉਣ ਦੀ ਸਮਰਥਾ ਅਸਲੋਂ ਖਤਮ ਹੋ ਗਈ ਹੈ, ਜਿਸ ਕਾਰਨ ਇਸ ਦਾ ਵਾਧੂ ਵਹਾਅ ਗਲੀਆਂ ਵੱਲ ਹੋ ਤੁਰਿਆ ਹੈ। ਇਸ ਦੇ ਬਿਲਕੱੁਲ ਕਿਨਾਰੇ ਉਪਰਲੀ ਵਸੋਂ ਤਾਂ ਇਸ ਗੰਦੇ ਪਾਣੀ ਤੋਂ ਬੇਹੱਦ ਦੁਖੀ ਹੈ ਕਿਉਂਕਿ ਬਦਬੂ ਮਾਰਦੇ ਪਾਣੀ ਕਾਰਨ ਉਨਾਂ ਦਾ ਦਿਨ ਦਾ ਅਰਾਮ ਅਤੇ ਰਾਤਾਂ ਦੀ ਨੀਂਦ ਉਡੀ ਪਈ ਹੈ। ਲਾਗਲੇ ਘਰਾਂ ਦੀਆਂ ਸੁਆਣੀਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਪਾਣੀ ’ਚੋਂ ਨਿਕਲਦੇ ਜੀਵ ਜੰਤੂ ਉਨਾਂ ਚੱੁਲੇ-ਚੌਂਕਿਆਂ ਤੱਕ ਪੱੁਜ ਚੱੁਕੇ ਹਨ ਜਦਕਿ ਨਲਕਿਆਂ ਅਤੇ ਮੱਛੀ ਮੋਟਰਾਂ ਦੇ ਪਾਣੀ ’ਚੋਂ ਵੀ ਗੰਧਲਾਪਣ ਸਾਫ ਝਲਕਦਾ ਹੈ। ਇਸ ਬਸਤੀ ਦੀ ਨਵ ਗਠਿਤ ਬਾਬਾ ਬੰਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਨੁਮਾਇੰਦਿਆਂ ਸੁਖਪ੍ਰੀਤ ਸਿੰਘ ਪੱਪੂ, ਗੋਬਿੰਦ ਸਿੰਘ ਭਿੰਦੀ, ਸੁਖਮੰਦਰ ਸਿੰਘ ਭੱਟੀ, ਡਾ. ਹਰਿੰਦਰ ਸਿੰਘ ਵਿੱਕੀ, ਪ੍ਰਦੰਮਨ ਸਿੰਘ ਭੱਟੀ, ਵੇਦ ਪ੍ਰਕਾਸ਼ ਸਿੰਘ, ਮੋਹਨ ਸਿੰਘ ਅਤੇ ਰਾਜ ਕੁਮਾਰ ਰਾਜਾ ਹੁਰਾਂ ਨੇ ਦੱਸਿਆ ਕਿ ਭਾਵੇਂ ਕੌਂਸਲ ਵਜੋਂ ਨਾਲੀਆਂ ਤਾਂ ਬਣਾਈਆਂ ਗਈਆਂ ਹਨ ਪਰ ਇੰਨਾਂ ਨਾਲੀਆਂ ਅਤੇ ਨਾਲਿਆਂ ਦੇ ਬੇਤਰਤੀਬੇ ਨਿਰਮਾਣ ਅਤੇ ਗੈਰਨਿਯਮਤ ਲੈਵਲ ਸਦਕਾ ਨਿਕਾਸ ਦੀ ਸਮੱਸਿਆ ਹੁਣ ਤੱਕ ਮੂੰਹ ਅੱਡੀ ਖੜੀ ਹੈ। ਕਲੱਬ ਦੇ ਆਗੂਆਂ ਨੇ ਇਹ ਵੀ ਦੱਸਿਆ ਕਿ ਛੱਪੜ ਦੀ ਸਫਾਈ ਨਾ ਹੋਣ ਕਰਕੇ ਵੀ ਇਸ ਦੇ ਨਾਲਿਆਂ ਵੱਲ ਵਹਾਅ ’ਚ ਰੁਕਾਵਟ ਬਣੀ ਹੋਈ ਹੈ। ਕਲੱਬ ਦੇ ਇਲਾਵਾ ਬਸਤੀ ਦੇ ਲੋਕਾਂ ਨੇ ਮੰਗ ਕੀਤੀ ਕਿ ਇਸ ਛੱਪੜ ਵਿਚ ਡਿੱਗਦੇ ਬਾਕੀ ਘਰਾਂ ਦੇ ਪਾਣੀ ਦੀ ਸਿੱਧੀ ਸਪਲਾਈ ਛੱਪੜ ਦੀ ਬਜਾਏ ਨਾਲੇ ਵਿਚ ਸੱੁਟੀ ਜਾਵੇ ਅਤੇ ਨਿਕਾਸੀ ਨਾਲੇ ਦੀ ਡੁੰਘਾਈ ਨੂੰ ਹੋਰ ਵਧਾਇਆ ਜਾਵੇ। ਪ੍ਰਭਾਵਿਤ ਲੋਕਾਂ ਨੇ ਇਸ ਸਮੱਸਿਆ ਦੇ ਹੱਲ ਲਈ ਨਾ ਸਿਰਫ ਕੌਂਸਲ ਦੇ ਕਾਰਜਸਾਧਕ ਅਫਸਰ ਸਗੋਂ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਹੈ ਤਾਂ ਜੋ ਗੰਦੇ ਪਾਣੀ ਦੇ ਉਤਪੰਨ ਹੋਣ ਵਾਲੀਆਂ ਬਿਮਾਰੀਆਂ ਤੋਂ ਉਨਾਂ ਨੂੰ ਰਾਹਤ ਮਿਲ ਸਕੇ।