ਚਾਲੂ ਵਿੱਤੀ ਸਾਲ ਦੌਰਾਨ 81 ਹਜ਼ਾਰ 250 ਵਿਅਕਤੀਆਂ ਨੇ ਲਿਆ ਸਾਂਝ ਕੇਂਦਰਾਂ ਦਾ ਲਾਹਾ

ਮੋਗਾ 2 ਫ਼ਰਵਰੀ (ਜਸ਼ਨ)-ਸੀਨੀਅਰ ਪੁਲਿਸ ਕਪਤਾਨ ਮੋਗਾ ਸ. ਰਾਜ ਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਸਾਂਝ ਕੇਂਦਰ ਆਮ ਜਨਤਾ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਸਾਂਝ ਪ੍ਰਾਜੈਕਟ ਜ਼ਰੀਏ ਜ਼ਿਲਾ ਪੁਲਿਸ ਆਮ ਲੋਕਾਂ ਨਾਲ ਸਾਂਝ ਅਤੇ ਤਾਲ-ਮੇਲ ਵਧਾਉਣ ’ਚ ਸਫ਼ਲ ਰਹੀ ਹੈ। ਉਨਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ 1 ਅਪ੍ਰੈਲ 2017 ਤੋਂ 31 ਜਨਵਰੀ, 2018 ਤੱਕ ਜ਼ਿਲੇ ਵਿੱਚ ਖੋਲੇ ਗਏ ਸਾਂਝ ਕੇਂਦਰਾਂ ਤੋਂ 81 ਹਜ਼ਾਰ 250 ਵਿਅਕਤੀਆਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਉਨਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟ੍ਰਾਈਜ਼ਡ ਪ੍ਰਣਾਲੀ ਨਾਲ ਲੈਸ ਇਨਾਂ ਸਾਂਝ ਕੇਂਦਰਾਂ ‘ਚ ਪੰਜਾਬ ਸੇਵਾ ਅਧਿਕਾਰ ਐਕਟ-2011 ਅਧੀਨ ਪੁਲਿਸ ਵਿਭਾਗ ਨਾਲ ਸਬੰਧਤ ਸੇਵਾਵਾਂ ਇੱਕ ਛੱਤ ਹੇਠ ਆਸਾਨ ਪ੍ਰਣਾਲੀ ਰਾਹੀਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਅਤੇ ਆਮ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਦਾ ਨਿਪਟਾਰਾ ਪਹਿਲ ਦੇ ਅਧਾਰ ‘ਤੇ ਕੀਤਾ ਜਾ ਰਿਹਾ ਹੈ। ਇਸ ਮੌਕੇ ਸਹਾਇਕ ਸਬ ਇੰਸਪੈਕਟਰ ਨਾਹਰ ਸਿੰਘ ਵੀ ਮੌਜੂਦ ਸਨ। ਐਸ.ਐਸ.ਪੀ. ਮੋਗਾ ਸ. ਰਾਜ ਜੀਤ ਸਿੰਘ ਨੇ ਦੱਸਿਆ ਕਿ ਮੋਗਾ ਵਿਖੇ ਜ਼ਿਲਾ ਪੱਧਰੀ ਸਾਂਝ ਕੇਂਦਰ ਦਫ਼ਤਰ ਐਸ.ਐਸ.ਪੀ (ਸੀ.ਪੀ.ਆਰ.ਸੀ), ਸਬ ਡਵੀਜਨ ਪੱਧਰ ’ਤੇ ਸਿਟੀ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਿਖੇ ਸਥਾਪਤ ਸਾਂਝ ਕੇਂਦਰ ਅਤੇ ਲਗਭੱਗ ਇੱਕ ਦਰਜਨ ਪੁਲਿਸ ਥਾਣਿਆਂ ਵਿੱਚ ਖੋਲੇ ਗਏ ਆਊਟ-ਰੀਚ ਸੈਂਟਰ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਲਈ ਵਰਦਾਨ ਸਾਬਤ ਹੋ ਰਹੇ ਹਨ।
ਸ. ਰਾਜ ਜੀਤ ਸਿੰਘ ਨੇ ਦੱਸਿਆ ਕਿ 1 ਅਪ੍ਰੈਲ ਤੋਂ 31 ਜਨਵਰੀ, 2018 ਦੌਰਾਨ ਅਸਲੇ ਲਾਇਸੰਸ ਨੂੰ ਨਵਿਆਉਣ ਸਬੰਧੀ ਪੜਤਾਲ ਦੇ 4272, ਅਸਲਾ ਖ੍ਰੀਦਣ ਵੇਚਣ ਸਬੰਧੀ 251 ਦਰਖ਼ਾਸਤਾਂ, ਬਾਹਰਲੇ ਦੇਸ਼ਾਂ ਤੋਂ ਆਏ ਵਿਅਕਤੀਆਂ ਦੇ ਆਉਣ ਅਤੇ ਜਾਣ ਦੀ ਰਜਿਸਟ੍ਰੇਸ਼ਨ ਸਬੰਧੀ 275, ਬਾਹਰਲੇ ਦੇਸ਼ਾਂ ਤੋਂ ਆਏ ਵਿਅਕਤੀਆਂ ਦੇ ਵੀਜ਼ੇ ਦੇ ਵਾਧੇ ਸਬੰਧੀ 183, ਐਫ.ਆਈ.ਆਰ ਤੇ ਡੀ.ਡੀ.ਆਰ. ਸਬੰਧੀ 15931, ਕਿਰਾਏਦਾਰਾਂ ਅਤੇ ਨੌਕਰਾਂ ਦੇ ਚਾਲ-ਚੱਲਣ ਸਬੰਧੀ 154, ਗੱਡੀਆਂ ਦੇ ਇਤਰਾਜ਼-ਹੀਣਤਾ ਸਰਟੀਫਿਕੇਟ ਸਬੰਧੀ 3327, ਸਰਵਿਸ ਵੈਰੀਫਿਕੇਸ਼ਨ ਸਬੰਧੀ ਪ੍ਰਾਪਤ ਹੋਈਆਂ 452, ਹੋਰ ਸਰਵਿਸ ਵੇਰੀਫ਼ੀਕੇਸ਼ਨ ਸਬੰਧੀ 950 ਅਤੇ ਪੈਟਰੋਲ ਪੰਪ ਵੇਰੀਫ਼ੀਕੇਸ਼ਨ ਸਬੰਧੀ 2 ਦਰਖਾਸਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਸੀਮਾ ਅੰਦਰ ਕੀਤਾ ਜਾ ਚੁੱਕਾ ਹੈ। ਸ. ਰਾਜ ਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਚਾਲ-ਚੱਲਣ ਤਸਦੀਕ ਕਰਨ ਸਬੰਧੀ 3263, ਪਾਸਪੋਰਟ ਵੈਰੀਫਿਕੇਸ਼ਨ ਸਬੰਧੀ 45899, ਨਵੇਂ ਅਸਲਾ ਲਾਇਸੰਸ ਦੀ ਤਸਦੀਕ ਲਈ 44, ਸ਼ਿਕਾਇਤਾਂ ਦੀ ਪੜਤਾਲ ਸਬੰਧੀ 5426 ਅਤੇ ਪਾਸਪੋਰਟ ਨਾਲ ਸਬੰਧਿਤ ਹੋਰ ਸੇਵਾਵਾਂ ਸਬੰਧੀ 821 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਉਨਾਂ ਕਿਹਾ ਕਿ ਸਾਂਝ ਕੇਂਦਰ ਰੀ-ਡਰੈਸਲ ਯੂੁਨਿਟ ਵਜੋਂ ਵੀ ਕੰਮ ਕਰ ਰਹੇ ਹਨ, ਜਿੱਥੇ ਔਰਤਾਂ ਤੇ ਬੱਚਿਆਂ ਨਾਲ ਸਬੰਧਤ ਆਰਥਿਕ, ਸਮਾਜਿਕ ਅਤੇ ਹੋਰ ਮਸਲਿਆਂ ਨੂੰ ਨਿਵਾਰਨ ਹਿੱਤ ਕਮੇਟੀ ਮੈਂਬਰਾਂ ਵੱਲੋਂ ਵਿਚਾਰਿਆ ਜਾਂਦਾ ਹੈ। ਉਨਾਂ ਆਮ ਲੋਕਾਂ ਨੂੰ ਪੁਲਿਸ ਸਾਂਝ ਕੇਂਦਰਾਂ ਤੋਂ ਸੁਖਾਲੇ ਮਾਹੌਲ ਹੇਠ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਜ਼ਿਲੇ ਵਿਚ ਅਮਨ ਤੇ ਕਾਨੂੰੂਨ ਦੀ ਸਥਿਤੀ ਨੂੰ ਕਾਇਮ ਰੱਖਣ ‘ਚ ਜ਼ਿਲਾ ਪੁਲਿਸ ਵਿਭਾਗ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।


