ਕਾਰ ਨੇ ਦਰੜੇ ਦੋ ਵਿਅਕਤੀ, ਇੱਕ ਦੀ ਮੌਤ,ਦੂਜਾ ਗੰਭੀਰ ਜਖਮੀ

ਨਿਹਾਲ ਸਿੰਘ ਵਾਲਾ ,4 ਫਰਵਰੀ (ਚਮਨ ਲਾਲ ਗੋਇਲ)- ਮੋਗਾ ਜ਼ਿਲੇ ਦੇ ਪਿੰਡ ਲੁਹਾਰਾ ਵਿਖੇ ਇਕ ਸਵਾਰ ਨੇ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ। ਬਿਲਾਸਪੁਰ ਚੌਂਕੀ ਅਧੀਨ ਪੈਂਦੇ ਪਿੰਡ ਲੁਹਾਰਾ ਨੇੜੇ ਮੋਗਾ ਬਰਨਾਲਾ ਰੋਡ ਤੇ ਟੋਇਟਾ ਇਟੌਸ ਕਾਰ ਸਵਾਰ ਵਿਅਕਤੀ ਨੇ ਮੋਗਾ ਵੱਲ ਜਾ ਰਹੇ ਮੋਟਰ ਸਾਇਕਲ ਸਵਾਰ ਦੀਦਾਰ ਸਿੰਘ (52 ਸਾਲ) ਵਾਸੀ ਹਿੰਮਤਪੁਰਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ। ਪਤਾ ਲੱਗਿਆ ਕਿ ਉਹ ਕਾਰ ਸਵਾਰ ਜੋ ਬਿਲਾਸਪੁਰ ਜਾ ਰਿਹਾ ਸੀ ਘਟਨਾ ਮਗਰੋਂ ਵਾਪਿਸ ਮੋਗਾ ਵੱਲ ਮੁੜ ਗਿਆ ਅਤੇ ਪਿੰਡ ਬੌਡੇ ਜਾ ਕੇ ਇਕ ਹੋਰ ਮੋਟਰ ਸਾਇਕਲ ਸਵਾਰ ਨੂੰ ਟੱਕਰ ਮਾਰੀ ਜਿਸ ਕਾਰਨ ਮੋਟਰਸਾਇਕਲ ਸਵਾਰ ਦਾ ਗਿੱਟਾ ਵੱਢਿਆ ਗਿਆ ਅਤੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਹਾਦਸੇ ਦਾ ਪਤਾ ਲੱਗਦਿਆਂ ਲੋਕਾਂ ਨੇ ਕਾਰ ਦਾ ਪਿੱਛਾ ਕਰਕੇ ਉਸ ਚਾਲਕ ਨੂੰ ਕਾਬੂ ਕਰ ਲਿਆ ਜੋ ਬਲਜਿੰਦਰ ਸਿੰਘ ਦੱਸਿਆ ਜਾਂਦਾ ਹੈ । ਬਿਲਾਸਪੁਰ ਦੇ ਚੌਂਕੀ ਇੰਚਾਰਜ ਸੁਖਜਿੰਦਰ ਸਿੰਘ ਨੇ ਮੌਕੇ ’ਤੇੇ ਹਾਦਸੇ ਦਾ ਜ਼ਾਇਜ਼ਾ ਲਿਆ । ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੇ ਪੁੱਤਰ ਰਣਜੀਤ ਸਿੰਘ ਦੇ ਬਿਆਨਾਂ ਤੇ ਬਲਜਿੰਦਰ ਸਿੰਘ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਲੁਜ਼ਮ ਦਾ ਮੁਆਇਨਾ ਕਰਵਾਇਆ ਜਾ ਰਿਹਾ ਹੈ।