ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ’ਚ ਮੱਧ ਵਰਗ ਨੂੰ ਰਾਹਤ ਦੇਣ ਲਈ ਕੋਈ ਕਦਮ ਨਹੀਂ ਚੁੱਕਿਆ-- ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ

ਮੋਗਾ, 4 ਫਰਵਰੀ (ਜਸ਼ਨ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ’ਚ 2019 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਕਿਸਾਨਾਂ ਅਤੇ ਗਰੀਬਾਂ ਨਾਲ ਜੁੜੇ ਵੱਡੇ ਐਲਾਨ ਕੀਤੇ ਗਏ ਪਰ ਮੱਧ ਵਰਗ ਨੂੰ ਰਾਹਤ ਦੇਣ ਲਈ ਕੋਈ ਖਾਸ ਕਦਮ ਨਹੀਂ ਚੁੱਕਿਆ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਆਪਣੇ ਦਫਤਰ ਵਿਖੇ ਕਾਂਗਰਸ ਦੀਆਂ ਜੁਝਾਰੂ ਵਰਕਰਾਂ ਨਾਲ ਮੀਟਿੰਗ ਕਰਦਿਆਂ ਕੀਤਾ। ਵੀਰਪਾਲ ਕੌਰ ਜੌਹਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਲੋਕ ਲੁਭਾਵਨੇ ਨਾਅਰੇ ਜ਼ਿਆਦਾ ਦਿੱਤੇ ਹਨ ਤੇ ਅਸਲ ਵਿਚ ਕੁਝ ਨਹੀਂ ਕੀਤਾ । ਉਹਨਾਂ ਕਿਹਾ ਕਿ ਉੱਜਵੱਲਾ ਯੋਜਨਾ ਵਿਚ ਮੋਦੀ ਨੇ ਪੇਂਡੂ ਗ੍ਰਹਿਣੀਆਂ ਦੀ ਰਸੋਈ ਨੂੰ ਧੁੂੰਆਂ ਮੁਕਤ ਕਰਨ ਲਈ ਵਾਅਦਾ ਕੀਤਾ ਸੀ ਪਰ ਇਕ ਵਾਰ ਉਹਨਾਂ ਨੂੰ ਗੈਸ ਚੁੱਲਾ ,ਗੈਸ ਸਿਲੰਡਰ ਅਤੇ ਹੋਰ ਸਮਾਨ ਦੇਣ ਨਾਲ ਉਹਨਾਂ ਦੀਆਂ ਰਸੋਈਆਂ ਧੂੰਆਂ ਮੁਕਤ ਨਹੀਂ ਹੋਈਆਂ । ਉਹਨਾਂ ਕਿਹਾ ਕਿ ਮਹਿਜ਼ ਦੋ ਵਕਤ ਦੀ ਰੋਟੀ ਲਈ ਦਿਹਾੜੀਦਾਰ ਔਰਤ ਕੋਲ ਹਰ ਮਹੀਨੇ 763 ਰੁਪਏ ਕਿਥੋਂ ਆਉਣਗੇ ਇਸ ਬਾਰੇ ਮੋਦੀ ਸਰਕਾਰ ਨੇ ਕਿਸੇ ਕਿਸਮ ਦੀ ਰਾਹਤ ਨਹੀਂ ਦਿੱਤੀ। ਜੌਹਲ ਨੇ ਆਖਿਆ ਕਿ ਸਕੀਮਾਂ ਦਾ ਐਲਾਨ ਕਰਨਾ ਸੌਖਾ ਹੈ ਪਰ ਜ਼ਮੀਨੀ ਹਕੀਕਤਾਂ ਨੂੰ ਜਾਣੇ ਬਗੈਰ ਆਪਣੀ ਪਿੱਠ ਥਾਪੜਨ ਨਾਲ ਆਮ ਲੋਕਾਂ ਨੂੰ ਰਾਹਤ ਮਿਲਣ ਵਾਲੀ ਨਹੀਂ । ਇਸ ਮੌਕੇ ਬਲਾਕ ਪ੍ਰਧਾਨ ਰੀਮਾ ਰਾਣੀ, ਵਾਰਡ ਪ੍ਰਧਾਨ ਸ਼ੀਤਲ ਕੌਰ ਅਤੇ ਹੋਰ ਸੀਨੀਅਰ ਆਗੂ ਅਤੇ ਵਰਕਰ ਮਹਿਲਾਵਾਂ ਹਾਜ਼ਰ ਸਨ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


