ਜ਼ਿਲਾ ਮੈਜਿਸਟ੍ਰੇਟ ਫ਼ਿਰੋਜਪੁਰ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ,ਮੂੰਹ ਢੱਕ ਕੇ ਦੋ ਪਹੀਆ ਵਾਹਨ ਚਲਾਉਣ ਤੇ ਪਾਬੰਦੀ

ਫ਼ਿਰੋਜਪੁਰ ,6 ਫਰਵਰੀ (ਪੰਕਜ ਕੁਮਾਰ) ਜ਼ਿਲਾ ਮੈਜਿਸਟ੍ਰੇਟ ਸ੍ਰੀ ਰਾਮਵੀਰ ਆਈ.ਏ.ਐਸ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਫ਼ਿਰੋਜ਼ਪੁਰ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਸਾਰੇ ਹੁਕਮ 31 ਮਾਰਚ 2018 ਤੱਕ ਲਾਗੂ ਰਹਿਣਗੇ।ਜ਼ਿਲਾ ਮੈਜਿਸਟ੍ਰੇਟ ਸ਼੍ਰੀ ਰਾਮਵੀਰ ਆਈ.ਏ.ਐਸ ਨੇ ਸ਼ਹਿਰ ਵਿੱਚ ਚੱਲਦੇ ਸਾਈਕਲ, ਰਿਕਸ਼ਾ, ਟਰੈਕਟਰ-ਟਰਾਲੀ, ਰੇਹੜੀ ਅਤੇ ਅਜਿਹੀਆਂ ਹੀ ਹੋਰ ਗੱਡੀਆਂ ਜਿਨਾਂ ਦੇ ਅੱਗੇ-ਪਿੱਛੇ ਲਾਈਟਾਂ ਨਹੀਂ ਹਨ, ਅਜਿਹੇ ਵਾਹਨਾਂ ਨੂੰ ਰਿਫ਼ਲੈਕਟਰ ਤੋਂ ਬਿਨਾਂ ਚੱਲਣ ‘ਤੇ ਰੋਕ ਲਗਾਈ ਗਈ ਹੈ। ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਇਨਾਂ ਵਾਹਨਾਂ ਤੇ ਰਿਫ਼ਲੈਕਟਰ ਨਾ ਲੱਗੇ ਹੋਣ ਕਰ ਕੇ ਅੱਗੇ ਤੋਂ ਤੇਜ਼ ਲਾਈਟਾਂ ਵਾਲਾ ਵਹੀਕਲ ਆਉਣ ਤੇ ਰਾਤ ਸਮੇਂ ਇਹ ਵਾਹਨ ਨਜ਼ਰ ਨਹੀਂ ਆਉਂਦੇ ਜਿਸ ਕਾਰਨ ਇਹ ਵਾਹਨ ਐਕਸੀਡੈਂਟਾਂ ਦਾ ਕਾਰਨ ਬਣਦੇ ਹਨ ਤੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਕੋਈ ਵੀ ਵਾਹਨ ਚਾਲਕ ਜਿਸ ਦੇ ਵਾਹਨ ਦੇ ਅੱਗੇ-ਪਿੱਛੇ ਲਾਈਟਾਂ ਨਹੀਂ ਹਨ, ਉਨਾਂ ਤੇ ਲਾਲ ਰੰਗ ਦੇ ਰਿਫ਼ਲੈਕਟਰ ਜਾਂ ਕੋਈ ਆਈ ਗਲਾਸ ਜਾਂ ਚਮਕਦਾਰ ਟੇਪ ਫਿੱਟ ਕਰਵਾਏ ਬਿਨਾਂ ਨਹੀਂ ਚਲਾਏਗਾ। ਇਨਾਂ ਹੋਣ ਵਾਲੇ ਸੰਭਾਵੀ ਹਾਦਸਿਆਂ ਨੂੰ ਰੋਕਣ ਲਈ ਪਾਬੰਦੀ ਦੇ ਇਹ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲਾ ਮੈਜਿਸਟ੍ਰੇਟ ਵੱਲੋਂ ਜ਼ਿਲਾ ਫ਼ਿਰੋਜ਼ਪੁਰ ਵਿੱਚ ਆਮ ਨਾਗਰਿਕਾਂ ਵੱਲੋਂ ਦੋ ਪਹੀਆਂ ਵਾਹਨਾਂ ਨੂੰ ਚਲਾਉਣ ਲਈ ਮੂੰਹ ਤੇ ਕੱਪੜਾ ਬੰਨ/ਮੂੰਹ ਢੱਕ ਕੇ ਚਲਾਉਣ ਤੇ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ ਸ੍ਰੀ ਰਾਮਵੀਰ ਆਈ.ਏ.ਐੱਸ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ  ਮੋਟਰ ਸਾਈਕਲ ਸਵਾਰਾਂ ਵੱਲੋਂ ਆਪਣੇ ਮੂੰਹ ਢੱਕ ਕੇ ਕਈ ਤਰਾਂ ਦੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ ਅਤੇ ਮੂੰਹ ਢਕੇ ਹੋਣ ਕਾਰਨ ਉਨਾਂ ਦੀ ਪਹਿਚਾਣ ਕਰਨੀ ਮੁਸ਼ਕਿਲ ਹੁੰਦੀ ਹੈ। ਇਸੇ ਤਰਾਂ ਦੋ ਪਹੀਆ ਵਾਹਨ ਸਵਾਰਾਂ ਵੱਲੋਂ ਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ, ਇਸ ਲਈ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਹ ਕਦਮ ਚੁੱਕਣੇ ਜ਼ਰੂਰੀ ਹਨ। ਜ਼ਿਲਾ ਮੈਜਿਸਟਰੇਟ ਨੇ ਲੋਕਾਂ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਫ਼ਿਰੋਜ਼ਪੁਰ ਸ਼ਹਿਰ ਅਤੇ ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ਾਰਾਂ ਵਿਚ ਸਵੇਰੇ 8.00 ਵਜੇ ਤੋ ਲੈ ਕੇ ਰਾਤ 10.00 ਵਜੇ ਤੱਕ ਭਾਰੀ ਵਾਹਨਾਂ ਦੇ ਦਾਖ਼ਲੇ ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ। ਅਜਿਹਾ ਬਾਜ਼ਾਰਾਂ ਵਿਚ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਕੀਤਾ ਗਿਆ ਹੈ।ਜ਼ਿਲਾ ਮੈਜਿਸਟ੍ਰੇਟ ਸ੍ਰੀ ਰਾਮਵੀਰ ਆਈ.ਏ.ਐਸ. ਵੱਲੋਂ ਜਾਰੀ ਕੀਤੇ ਮਨਾਹੀ ਦੇ ਇੱਕ ਹੋਰ ਹੁਕਮ ਅਨੁਸਾਰ ਜ਼ਿਲੇ ਵਿੱਚ ਕੱਢੇ ਜਾਂਦੇ ਲੱਕੀ ਡਰਾਅ ਸਕੀਮਾਂ/ਪ੍ਰਾਈਵੇਟ ਲਾਟਰੀਆਂ/ਕਮੇਟੀਆਂ ਜਿਸ ਵਿੱਚ ਹਫ਼ਤਾਵਾਰੀ ਜਾਂ ਮਹੀਨੇਵਾਰ ਪੈਸੇ ਇਕੱਠੇ ਕਰ ਕੇ ਡਰਾਅ ਕੱਢੇ ਜਾਂਦੇ ਹਨ ਜਾਂ ਡਰਾਅ ਰਾਹੀਂ ਪੈਸੇ/ਇਨਾਮੀ ਵਸਤੂ ਦਿੱਤੀ ਜਾਂਦੀ ਹੈ ਜਾਂ ਬੋਲੀ ਕੀਤੀ ਜਾਂਦੀ ਹੈ, ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਕਈ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਕੇ ਲੱਕੀ ਡਰਾਅ ਸਕੀਮਾਂ/ਪ੍ਰਾਈਵੇਟ ਲਾਟਰੀਆਂ/ਕਮੇਟੀਆਂ ਰਾਹੀਂ ਧਨ ਲੁੱਟਿਆ ਜਾ ਰਿਹਾ ਹੈ ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਵਿੱਚ ਅੜਚਣ ਪੈਦਾ ਹੋ ਸਕਦੀ ਹੈ।ਇਹ ਸਾਰੇ ਹੁਕਮ 31 ਮਾਰਚ 2018 ਤੱਕ ਲਾਗੂ ਰਹਿਣਗੇ।