ਸਕੂਲੀ ਬੱਚਿਆਂ ਨੂੰ ਪੁਲਿਸ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਉਣ ਲਈ ਫ਼ਿਰੋਜ਼ਪੁਰ ਛਾਉਣੀ ਵਿਖੇ ਕੀਤਾ ਗਿਆ ਵਰਕਸ਼ਾਪ ਦਾ ਆਯੋਜਨ

ਫ਼ਿਰੋਜ਼ਪੁਰ, 7 ਫਰਵਰੀ (ਪੰਕਜ ਕੁਮਾਰ )- ਪੁਲਿਸ ਵਿਭਾਗ ਦੀ ਕਾਰਜ ਪ੍ਰਣਾਲੀ ਤੋਂ ਸਕੂਲੀ ਬੱਚਿਆਂ ਨੂੰ ਜਾਣੂ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਫ਼ਿਰੋਜ਼ਪੁਰ ਅਤੇ ਨੈਸ਼ਨਲ ਸਾਇੰਸ ਰਿਸਰਚ ਇੰਸਟੀਚਿਊਟ ਫ਼ਾਰ ਟੀਨਏਜਰਜ਼ ਦੁਆਰਾ ਸਾਂਝੇ ਰੂਪ ਵਿਚ ਸਟੇਟ ਪੁਲਿਸ ਕੋਰ ਕਮੇਟੀ ਚੰਡੀਗੜ੍ਹ ਦੀ ਅਗਵਾਈ ਹੇਠ ਭਸੀਨ ਪੈਲੇਸ ਫ਼ਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਡੀ.ਆਈ.ਜੀ ਸ਼੍ਰ. ਰਾਜਿੰਦਰ ਸਿੰਘ ਆਈ.ਪੀ.ਐਸ ਫ਼ਿਰੋਜ਼ਪੁਰ ਰੇਂਜ ਅਤੇ ਸ੍ਰ: ਭੁਪਿੰਦਰ ਸਿੰਘ ਐਸ.ਐਸ.ਪੀ ਫ਼ਿਰੋਜ਼ਪੁਰ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਐਸ.ਪੀ ਹੈੱਡਕੁਆਟਰ ਸ੍ਰ: ਅਮਰਜੀਤ ਸਿੰਘ ਸੰਧੂ, ਮੈਡਮ ਕਸ਼ਮੀਰ ਕੌਰ ਐਸ.ਪੀ ਕ੍ਰਾਈਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਪੱਧਰੀ ਵਰਕਸ਼ਾਪ ਵਿੱਚ 20 ਸਕੂਲਾਂ ਦੇ ਕਰੀਬ 600 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪੁਲਿਸ ਦੀ ਰੋਜ਼ਮਰਾ ਦੇ ਕੰਮਕਾਜ ਦੀ ਜਾਣਕਾਰੀ, ਐਫ.ਆਈ.ਆਰ, ਆਈ ਪੀ.ਸੀ. ਦੀਆਂ ਮੁੱਖ ਧਾਰਾਵਾਂ ਅਤੇ ਪੰਜਾਬ ਪੁਲਿਸ ਦੀ ਪਹਿਚਾਣ ਸਟਾਰ ਅਤੇ ਰੈਂਕ ਸਿਸਟਮ, ਪੁਲਿਸ ਦੁਆਰਾ ਲੋਕਾਂ ਦੀ ਸੁਰੱਖਿਆ ਲਈ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰਾਂ ਦੀ ਪ੍ਰਯੋਗਿਕ ਵਿਧੀ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ।
ਇਸ ਤੋਂ ਇਲਾਵਾ ਇਸ ਮੌਕੇ ਡੀ.ਸੀ. ਮਾਡਲ ਸਕੂਲ, ਡੀ.ਐਸ.ਐਮ. ਜੈਨ ਹਾਈ ਸਕੂਲ, ਮਾਨਵ ਮੰਦਿਰ ਸਕੂਲ, ਸੈਂਟ ਸੋਲਜਰ ਪਬਲਿਕ ਸਕੂਲ, ਡੀ.ਏ.ਵੀ.ਸਕੂਲ, ਖਾਲਸਾ ਗਰਲਜ ਹਾਈ ਸਕੂਲ, ਸਨਸ਼ਾਇਨ ਸਕੂਲ ਫਿਰੋਜਪੁਰ ਅਤੇ ਮਾਤਾ ਸਾਹਿਬ ਕੋਰ ਪਬਲਿਕ ਸਕੂਲ ਗੁਰੂਹਰਸਹਾਏ ਦੇ ਬੱਚਿਆਂ ਨੇ ਸੰਸਕਿ੍ਰਤਕ ਪ੍ਰੋਗਰਾਮ ਪੇਸ਼ ਕੀਤੇ। ਜਿਨ੍ਹਾਂ ਵਿੱਚੋਂ ਗਤਕਾ, ਭੰਗੜਾ ਅਤੇ ਸਕਿਟ ਪ੍ਰੋਗਰਾਮਾਂ ਨੂੰ ਬਹੁਤ ਹੀ ਸਲਾਹਿਆ ਗਿਆ। ਸ਼੍ਰ. ਰਾਜਿੰਦਰ ਸਿੰਘ ਡਿਪਟੀ ਡੀ.ਆਈ.ਜੀ. ਫਿਰੋਜ਼ਪੁਰ ਨੇ ਕਿਹਾ ਕਿ ਨੌਜਵਾਨ ਵਿਦਿਆਰਥੀ ਸਾਡੇ ਦੇਸ਼ ਅਤੇ ਰਾਸ਼ਟਰ ਦਾ ਉੱਜਵਲ ਭਵਿੱਖ ਹਨ ਅਤੇ ਸਾਡੇ ਸਾਰਿਆਂ ਦਾ ਫਰਜ ਹੈ ਕਿ ਉਨ੍ਹਾਂ ਨੂੰ ਜਾਗਿ੍ਰਤ ਕਰੀਏ ਤਾਂ ਜੋ ਉਹ ਸਮਾਜ ਦੀ ਉਨੱਤੀ ਵਿਚ ਆਪਣਾ ਯੋਗਦਾਨ ਪਾ ਸਕਣ। ਕੋਈ ਵੀ ਵਿਦਿਆਰਥੀ ਜੀਵਨ ਵਿਚ ਆਪਣੀ ਸਮਝ ਅਤੇ ਮਿਹਨਤ ਦੇ ਬਲ ਨਾਲ ਸਮਾਜ ਵਿਚ ਤਰੱਕੀ ਕਰ ਸਕਦੇ ਹੋ। ਉਨ੍ਹਾਂ ਦੱਸਿਆ ਕਿ ਆਲਾ ਅਫਸਰਾਂ ਦੁਆਰਾ ਸਮਾਜ ਵਿਚ ਪੁਲਿਸ ਦੇ ਪ੍ਰਤੀ ਗਲਤ ਸੋਚ ਨੂੰ ਬਦਲਣ ਅਤੇ ਬੱਚਿਆਂ ਵਿਚ ਪੁਲਿਸ ਦੇ ਡਰ ਨੂੰ ਦੂਰ ਕਰਕੇ ਪੁਲਿਸ ਨੂੰ ਸਮਾਜ ਵਿਚ ਸਹਿਯੋਗੀ ਦੇ ਰੂਪ ਵਿਚ ਸਥਾਪਿਤ ਕਰਨਾ ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਹੈ। ਉਨ੍ਹਾਂ ਬੱਚਿਆਂ ਨੂੰ ਕਾਨੂੰਨ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਸੜਕ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਸ੍ਰ: ਭੁਪਿੰਦਰ ਸਿੰਘ ਐਸ.ਐਸ.ਪੀ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਯੁਵਾ ਵਰਗ ਅਤੇ ਪੁਲਿਸ ਸਮਾਜ ਦੀਆਂ ਦੋ ਮੁੱਖ ਧਾਰਾਵਾਂ ਹਨ, ਇਨ੍ਹਾਂ ਨੂੰ ਇਕੱਠਾ ਕਰਕੇ ਪੂਰੇ ਸੰਸਾਰ ਨੂੰ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਜੀਵਨ ਵਿਚ ਬਹੁਤ ਤਰੱਕੀ ਕਰਨ ਅਤੇ ਸਾਨੂੰ ਸਮਾਜ ਸੁਧਾਰ ਦੇ ਕੰਮਾਂ ਵਿਚ ਆਪਣਾ ਯੋਗਦਾਨ ਵੀ ਪ੍ਰਦਾਨ ਕਰਦੇ ਰਹਿਣ। ਉਨ੍ਹਾਂ ਬੱਚਿਆਂ ਤੋਂ ਨਸ਼ੇ ਦੀ ਰੋਕਥਾਮ ਅਤੇ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਵਿਚ ਸਹਿਯੋਗ ਦੀ ਅਪੀਲ ਕੀਤੀ । ਸ੍ਰੀ. ਕਿ੍ਰਸ਼ਨ ਮਿਗਲਾਨੀ ਚੇਅਰਮੇੈਨ ਸਟੇਟ ਪੁਲਿਸ ਕੋਰ ਕਮੇਟੀ ਚੰਡੀਗੜ੍ਹ ਨੇ ਦੱਸਿਆ ਕਿ ਅਸੀਂ ਸਾਰੇ ਪੰਜਾਬ ਵਿਚ ਯੁਵਾ ਵਰਗ ਨੂੰ ਪੰਜਾਬ ਪੁਲਿਸ ਨਾਲ ਇਕ ਸਹਿਯੋਗੀ ਦੇ ਰੂਪ ਸੰਗਠਿਤ ਕਰ ਰਹੇ ਹਾਂ ਤਾਂ ਜ਼ੋ ਸਮਾਜ ਵਿਚੋਂ ਨਸ਼ਾ, ਟ੍ਰੈਫਿਕ ਵਿਵਸਥਾ ਅਤੇ ਕਾਨੂੰਨੀ ਪ੍ਰਸ਼ਾਸ਼ਨ ਵਿਚ ਸੁਧਾਰ ਲਿਆਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਤੋਂ ਜਿੱਥੇ ਬੱਚਿਆ ਨੂੰ ਪੰਜਾਬ ਪੁਲਿਸ ਦੀ ਮਹਾਨਤਾ, ਮਿਹਨਤ ਅਤੇ ਕਠਿਨ ਜੀਵਨ ਬਾਰੇ ਪਤਾ ਚੱਲੇਗਾ ਉੱਥੇ ਹੀ ਆਪਣੀ ਜੁੰਮੇਵਾਰੀ ਦਾ ਅਹਿਸਾਸ, ਸਮਾਜ ਵਿਚ ਆਪਣਾ ਰੋਲ ਅਦਾ ਕਰਨ ਦੀ ਪ੍ਰੇਰਨਾ ਮਿਲੇਗੀ। ਉਨ੍ਹਾਂ ਦੱਸਿਆ ਕਿ ਸੰਸਥਾ ਦੁਆਰਾ ਇਹ 299ਵਾਂ ਜਿਲ੍ਹਾ ਕੈਂਪ ਹੈ ਜ਼ੋ ਕਿ ਪੰਜਾਬ ਤੋਂ ਇਲਾਾਵਾ ਹਿਮਾਚਲ ਪ੍ਰਦੇਸ਼, ਉਤਰਾਂਚਲ ਪ੍ਰਦੇਸ਼, ਹਰਿਆਣਾ, ਦਿੱਲੀ ਦੇ ਪੁਲਿਸ ਹੈਡਕੁਆਟਰਾਂ ਦੇ ਨਾਲ ਵੀ ਸੰਸਥਾ ਇਹੋ ਜਿਹੇ ਕੈਂਪ ਆਯੋਜਿਤ ਕਰਦੀ ਰਹਿੰਦੀ ਹੈ। ਸ੍ਰੀ. ਹਰੀਸ਼ ਚੰਦਰ ਗੋਇਲ ਐੱਨ.ਐੱਸ.ਆਰ.ਆਈ ਜ਼ਿਲ੍ਹਾ ਫਿਰੋਜ਼ਪੁਰ ਦੇ ਸਕੱਤਰ ਨੇ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆਂ ਲਈ ਕੀਤੇ ਕੰਮਾਂ ਕਰਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਕੈਂਪ ਵਿਚ ਪ੍ਰਯੋਗਿਕ ਤਰੀਕਿਆ ਨਾਲ ਨਵੀਨ ਕੁਮਾਰ ਐਸ.ਐਚ.ਓ ਕੈਂਟ, ਸ. ਜ਼ਸਵੀਰ ਸਿੰਘ ਐਸ.ਐਚ.ਓ ਸਿਟੀ, ਸ. ਗੁਰਿੰਦਰ ਸਿੰਘ ਐਸ.ਐਚ.ਓ ਸਦਰ, ਸ. ਜ਼ਸਵਰਿੰਦਰ ਸਿੰਘ ਐਸ.ਐਚ.ਓ ਕੁਲਗੜ੍ਹੀ, ਨਵੀਨ ਕੁਮਾਰ ਇੰਚਾਰਜ ਲਿਟੀਗੇਸ਼ਨ ਨੇ ਸਾਈਬਰ ਕ੍ਰਾਇਮ ਅਤੇ ਬੱਚਿਆਂ ਦੇ ਮਨੋਵਿਗਿਆਨਿਕ ਸੁਭਾਅ ਬਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਜਾਣਕਾਰੀ ਪ੍ਰਦਾਨ ਕੀਤੀ। ਜਿਲ੍ਹਾ ਟ੍ਰੈਫਿਕ ਇੰਚਾਰਜ ਰਵੀ ਕੁਮਾਰ ਅਤੇ ਨਰੇਸ਼ ਦੇਵਗਨ ਨੇ ਟ੍ਰੈਫਿਕ ਸਟਾਲ ਦੁਆਰਾ ਬੱਚਿਆ ਨੂੰ ਜਿੱਥੇ ਪ੍ਰੇਰਣਾ ਦਿੱਤੀ ਉਥੇ ਹੀ ਸ. ਲਖਵੀਰ ਸਿੰਘ ਜਿਲ੍ਹਾ ਟ੍ਰੈਫਿਕ ਐਜੁਕੇਸ਼ਨ ਸੈਲ ਦੁਆਰਾ ਟ੍ਰੇਫਿਕ ਇਸ਼ਾਰੇ ਅਤੇ ਟ੍ਰੈਫਿਕ ਵਿਵਸਥਾ ਬਾਰੇ ਅਨੋਖੇ ਤਰੀਕੇ ਨਾਲ ਜਾਣਕਾਰੀ ਇਸ ਕੈਂਪ ਦਾ ਮੁੱਖ ਆਕਰਸ਼ਨ ਰਹੀ। ਇਸ ਮੌਕੇ ਕਿ੍ਰਸ਼ਨ ਮਿਗਲਾਨੀ ਡਾਇਰੈਕਟਰ ਉੱਤਰੀ ਖੇਤਰ, ਰਾਜ ਕੁਮਾਰ ਬਜਾਨੀਆ ਜਿਲ੍ਹਾ ਕਨਵੀਨਰ ਮੋਗਾ, ਪਵਨ ਗੁਪਤਾ ਜਿਲ੍ਹਾ ਕਨਵੀਨਰ ਫਿਰੋਜਪੁਰ, ਗਗਨਦੀਪ ਸਿੱਕਾ ਜ਼ੋਨਲ ਸੈਕਟਰੀ ਲੁਧਿਆਣਾ, ਦਵਿੰਦਰ ਸਿੰਘ ਜ਼ੌਰਾ ਆਲ ਪ੍ਰੋਜੈਕਟ ਚੇਅਰਮੈਨ, ਸ. ਚਰਨ ਸਿੰਘ ਕੀਰਤੀ ਚੱਕਰ, ਪੰਕਜ ਧਮੀਜਾ, ਗੁਰਚਰਨ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ।


