ਹਾਦਸੇ ’ਚ ਇਕ ਨੌਜਵਾਨ ਦੀ ਮੌਤ ,ਦੋ ਜਖਮੀ ,ਹੈੱਡ ਕਾਂਸਟੇਬਲ ਦੀ ਕਾਰ ਅਤੇ ਮੋਟਰ ਸਾਈਕਲ ਦਰਮਿਆਨ ਹੋਈ ਟੱਕਰ

ਮੋਗਾ, 8 ਫਰਵਰੀ (ਲਛਮਣਜੀਤ ਸਿੰਘ ਪੁਰਬਾ)-ਮੋਗਾ ਦੇ ਪਿੰਡ ਚੱੜਿਕ ਦੇ ਨਜ਼ਦੀਕ ਇਕ ਕਾਰ ਦੀ ਲਪੇਟ ਵਿਚ ਆਉਣ ਨਾਲ ਦੋ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ਨੱਥੋਕੇ ਦੇ ਵਾਸੀ ਲਿਆਕਤ ਅਲੀ ਪੁੱਤਰ ਹਰਪ੍ਰੀਤ ਖਾਨ ਅਤੇ ਤਰਸੇਮ ਖਾਨ ਪੁੱਤਰ ਮੱਗਰ ਖਾਨ ਮੋਗਾ ਵੱਲ ਨੂੰ ਆ ਰਹੇ ਸਨ । ਜਦੋਂ ਇਹਨਾਂ ਦੀ ਬਾਈਕ ਪਿੰਡ ਘੋਲੀਆ ਕਲਾਂ ਸੜਕ ਤੋਂ ਅੱਗੇ ਪਹੰੁਚੀ ਤਾਂ ਚੜਿੱਕ ਪਿੰਡ ਵੱਲੋਂ ਆ ਰਹੀ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ । ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਹਨਾਂ ਨੂੰ ਇਲਾਜ ਲਈ ਭਾਈ ਕਨਹੀਆ ਸਮਾਜ ਸੇਵਾ ਸੁਸਾਇਟੀ ਦੀ ਐਬੂਲੈਂਸ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਉਹਨਾਂ ਦੀ ਨਾਜ਼ੁਕ ਹਾਲਤ ਦੇਖਦਿਆਂ ਡਾਕਟਰਾਂ ਨੇ ਉਹਨਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਪਰ ਜ਼ਖਮੀਆਂ ਵਿਚੋਂ ਇਕ ਨੌਜਵਾਨ ਤਰਸੇਮ ਖਾਨ ਦੀ ਮੌਤ ਹੋ ਗਈ। ਬਾਘਾਪੁਰਾਣਾ ਥਾਣੇ ਦੇ ਮੁੱਖੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਦੱਸਿਆ ਕਿ ਹਾਦਸਾਗ੍ਰਸਤ ਕਾਰ ਪੰਜਾਬ ਪੁਲਿਸ ਦਾ ਹੈੱਡ ਕਾਂਸਟੇਬਲ ਜਸਵੀਰ ਸਿੰਘ ਚਲਾ ਰਿਹਾ ਸੀ ਅਤੇ ਟੱਕਰ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਲਾਗੇ ਘਰ ਵਿਚ ਵੜ ਗਈ ਜਿਸ ਕਰਕੇ ਜਸਵੀਰ ਸਿੰਘ ਵੀ ਜ਼ਖਮੀ ਹੋ ਗਿਆ ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।


