ਯੁਵਕ ਸੇਵਾਵਾਂ ਵਿਭਾਗ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਅਰਜ਼ੀਆਂ ਦੀ ਕੀਤੀ ਮੰਗ

ਮੋਗਾ 8 ਫਰਵਰੀ(ਜਸ਼ਨ)-ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਵੱਲੋਂ ਨੌਜਵਾਨਾਂ ਦੇ ਵੱਕਾਰੀ ਐਵਾਰਡ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2015-16 ਅਤੇ 2016-17 ਲਈ ਯੋਗ ਉਮੀਦਵਾਰਾਂ ਤੋਂ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਸਬੰਧੀ ਯੁਵਕ ਸੇਵਾਵਾਂ ਵਿਭਾਗ, ਮੋਗਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨਾਂ ਨੂੰ ਇੱਕ ਮੈਡਲ, ਸਕਰੋਲ, ਸਰਟੀਫਿਕੇਟ ਅਤੇ 51 ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਂਦੀ ਹੈ। ਸ੍ਰੀ ਲੋਟੇ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਉਹ ਨੌਜਵਾਨ ਹੀ ਯੋਗ ਹੈ, ਜਿਸ ਨੇ ਯੁਵਕ ਗਤੀਵਿਧੀਆਂ ਵਿੱਚ ਉੱਘਾ ਅਤੇ ਸ਼ਲਾਘਾਯੋਗ ਕੰਮ ਕੀਤਾ ਹੋਵੇ ਅਤੇ ਪਿਛਲੇ ਸਾਲਾਂ ਤੋਂ ਵੱਖੋ-ਵੱਖ ਯੁਵਕ ਗਤੀਵਿਧੀਆਂ ਜਿਵੇਂ ਕਿ ਯੁਵਕ ਭਲਾਈ ਗਤੀਵਿਧੀਆਂ, ਕੌਮੀ ਸੇਵਾ ਯੋਜਨਾ, ਐਨ.ਸੀ.ਸੀ, ਸੱਭਿਆਚਾਰਕ ਗਤੀਵਿਧੀਆਂ, ਪਰਬਤਾ-ਰੋਹਣ, ਹਾਈਕਿੰਗ-ਟਰੈਕਿੰਗ, ਖੇਡਾਂ, ਸਮਾਜ-ਸੇਵਾ, ਰਾਸ਼ਟਰੀ ਏਕਤਾ, ਖੂਨਦਾਨ, ਨਸ਼ਿਆਂ ਵਿਰੁੱਧ ਜਾਗਰੂਕਤਾ, ਵਿੱਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਤੇ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਆਦਿ ਵਿੱਚ ਹਿੱਸਾ ਲੈਂਦਾ ਰਿਹਾ/ਰਹੀ ਹੋਵੇ। ਉਨਾਂ ਦੱਸਿਆ ਕਿ ਇਸ ਰਾਜ ਯੁਵਾ ਪੁਰਸਕਾਰ ਲਈ ਉਮੀਦਵਾਰਾਂ ਦੀ ਉਮਰ 15 ਸਾਲ ਤੋਂ ਘੱਟ ਅਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਬਿਨੈਕਾਰ ਵੱਲੋਂ ਇਸ ਪੁਰਸਕਾਰ ਲਈ ਨਿਰਧਾਰਿਤ ਪ੍ਰੋਫਾਰਮਾ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਮੋਗਾ ਦੇ ਦਫ਼ਤਰ ਦਸ਼ਮੇਸ਼ ਨਗਰ, ਗਲੀ ਨੰਬਰ 8 ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਆਪਣੀ ਪ੍ਰਤੀ ਬੇਨਤੀ ਦੀ ਫ਼ਾਈਲ 15 ਫ਼ਰਵਰੀ, 2018 ਤੱਕ ਉਕਤ ਦਫ਼ਤਰ ਵਿੱਚ ਜਮਾਂ ਕਰਵਾਉਣ। ਇਸ ਤੋਂ ਬਾਅਦ ਵਿੱਚ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਸਬੰਧੀ ਕੋਈ ਹੋਰ ਜਾਣਕਾਰੀ ਲਈ ਉਨਾਂ ਨਾਲ ਮੋਬਾਈਲ ਨੰਬਰ 98554-01443 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


