ਰੱਖਿਆ ਬਜਟ ਦੀ ਘਾਟ ਫ਼ੌਜ ਦੀ ਤਿਆਰੀ, ਜੰਗੀ ਸਮਰੱਥਾ ਅਤੇ ਆਧੁਨੀਕੀਕਰਨ ਨੂੰ ਪ੍ਰਭਾਵਿਤ ਕਰਦੀ ਹੈ-ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ

ਮੋਗਾ, 9 ਫਰਵਰੀ (ਜਸ਼ਨ)-ਅੱਜ ਸਰਬ ਹਿੰਦ ਫ਼ੌਜੀ ਭਾਈਚਾਰਾ ਪੰਜਾਬ ਦੇ ਸੂਬਾ ਪ੍ਰਧਾਨ ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ, ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਕਰਨਲ ਇੰਦਰਵੀਰ ਸਿੰਘ ਕੰਗ ਨੇ ਪਿੰਡ ਬੁੱਟਰ ਕਲਾਂ ਵਿਖੇ ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ ਦੇ ਕੇਂਦਰ ਦੇ ਉਦਘਾਟਨੀ ਸਮਾਰੋਹ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਦੇ ਪ੍ਰਧਾਨ ਸੂਬੇਦਾਰ ਮੇਜਰ ਨਿਹਾਲ ਸਿੰਘ, ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਅਤੇ ਬਹਾਦਰ ਸਿੰਘ ਨੇ ਵੀ ਨੇ ਵੱਖ-ਵੱਖ ਸਕੂਲਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਸਾਬਕਾ ਫ਼ੌਜੀਆਂ, ਵੀਰ ਨਾਰੀਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਾਇਦ ਪੰਜਾਬ ’ਚ ਇਹ ਪਹਿਲੀ ਨਿਵੇਕਲੀ ਸੰਸਥਾ ਹੋਵੇਗੀ ਜਿਸ ਦੇ ਮੈਂਬਰਾਂ ਸੂਬੇਦਾਰ ਮੇਜਰ ਨਿਹਾਲ ਸਿੰਘ ਅਤੇ ਸਾਥੀਆਂ ਨੇ ਫ਼ੌਜੀ ਜਜ਼ਬੇ ਨਾਲ ਆਪਣੇ ਬਲਬੂਤੇ ’ਤੇ ਫ਼ੰਡ ਇਕੱਠੇ ਕਰਕੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਵਾਇਆ ਅਤੇ ਹੁਣ ਭਲਾਈ ਸੈਂਟਰ ‘ਤੇ ਦਫ਼ਤਰ ਤਿਆਰ ਕੀਤਾ ਹੈ। ਉਨਾਂ ਆਖਿਆ ਕਿ ਪਾਕਿਸਤਾਨ ਨਾਲ ਲੱਗਦੀ ਤਕਰੀਬਨ 750 ਕਿ.ਮੀ. ਵਾਲੀ ਕੰਟਰੋਲ ਰੇਖਾ ਅਤੇ ਹੁਣ ਪੰਜਾਬ ਨਾਲ ਲੱਗਦੇ ਸਰਹੱਦੀ ਇਲਾਕੇ ’ਚ ਬੜੀ ਤੇਜ਼ੀ ਨਾਲ ਵੱਧ ਰਹੀਆਂ ਘਟਨਾਵਾਂ, ਗੋਲਾਬਾਰੀ ਅਤੇ ਜੰਮੂ ਕਸ਼ਮੀਰ ’ਚ ਘੁਸਪੈਠ ਅਤੇ ਲੁਕਵੀਂ ਜੰਗ ਇਹ ਸਿੱਧ ਕਰਦੀਆਂ ਹਨ ਕਿ ਪਾਕਿ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ਼ ਨਹੀਂ ਆ ਸਕਦਾ। ਉਨਾਂ ਕਿਹਾ ਕਿ ਬੇਦਰਦ ਹਾਕਮਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਕੇਵਲ ਫ਼ੌਜ ਦੀ ਬਦੌਲਤ ਹੀ ਉਨਾਂ ਦਾ ਰਾਜ ਭਾਗ ਕਾਇਮ ਹੈ। ਬਿ੍ਰਗੇ. ਕਾਹਲੋ ਨੇ ਆਖਿਆ ਕਿ ਰੱਖਿਆ ਬਜਟ ਦੀ ਘਾਟ ਫ਼ੌਜ ਦੀ ਤਿਆਰੀ, ਜੰਗੀ ਸਮਰੱਥਾ ਅਤੇ ਆਧੁਨੀਕੀਕਰਨ ਨੂੰ ਪ੍ਰਭਾਵਿਤ ਕਰਦੀ ਹੈ। ‘ਇਕ ਰੈਂਕ ਇਕ ਪੈਨਸ਼ਨ’ ਦੀ ਚਿਰੋਕਣੀ ਮੰਗ ਬਾਰੇ ਜ਼ਿਕਰ ਕਰਦਿਆਂ ਉਨਾਂ ਆਖਿਆ ਕਿ ਬੇਸ਼ੱਕ ਸਰਕਾਰ ਇਸ ਮੰਗ ਨੂੰ ਪੂਰਾ ਕਰਨ ਦਾ ਦਾਅਵਾ ਕਰਦੀ ਹੈ ਪਰ ਅਜੇ ਵੀ ਊਣਤਾਈਆਂ ਬਰਕਰਾਰ ਹਨ ਜਿਸ ਲਈ ਨੁਮਾਇੰਿਦਆਂ ਦੀ ਮੀਟਿੰਗ ਪਹਿਲਾਂ ਰੱਖਿਆ ਮੰਤਰੀ ਨਾਲ ਹੋਈ ਤੇ ਹੁਣ ਰਾਜ ਰੱਖਿਆ ਮੰਤਰੀ ਨਾਲ ਹੋਣ ਜਾ ਰਹੀ ਹੈ ਜਦਕਿ ਸੁਪਰੀਮ ਕੋਰਟ ’ਚ ਸੁਣਵਾਈ ਅਗਲੇ ਹਫ਼ਤੇ ਤੋਂ ਸ਼ੁਰੂ ਦੀ ਸੰਭਾਵਨਾ ਹੈ। ਉਨਾਂ ਆਖਿਆ ਕਿ ਉਹ ਲਗਾਤਾਰ ਮੂਵਮੈਂਟ ਦੇ ਕਰਤਾ ਧਰਤਾ ਜਨਰਲ ਸਤਬੀਰ ਸਿੰਘ ਨਾਲ ਸੰਪਰਕ ’ਚ ਹਨ । ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਵਿਸ਼ਵਾਸ਼ ਦਿਵਾਇਆ ਕਿ ਪ੍ਰਸਾਸ਼ਨ ਵੱਲੋਂ ਸੁਸਾਇਟੀ ਦੀ ਦੇਖ-ਰੇਖ ਵਿੱਚ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਸਾਰੇ ਸਰਕਾਰੀ ਮਹਿਕਮਿਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ ਤਾਂ ਕਿ ਸਾਬਕਾ ਸੈਨਿਕਾਂ ਦੀਆਂ ਸਾਰੀਆਂ ਸਮੱਸਿਆਵਾਂ ਮੌਕੇ ’ਤੇ ਹੱਲ ਕੀਤੀਆਂ ਜਾ ਸਕਣ।
ਇਸ ਮੌਕੇ ਸਕੂਲੀ ਵਿਦਿਆਰਥਣਾਂ ਨੇ ਦੇਸ਼ ਭਗਤੀ ਦੇ ਜਜ਼ਬੇ ਵਾਲੀਆਂ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਬਿ੍ਰਗੇਡੀਅਰ ਕਾਹਲੋਂ ਅਤੇ ਡਿਪਟੀ ਕਮਿਸ਼ਨਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਕਰਨਲ,ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਸਰਪੰਚ ਦਰਸ਼ਨ ਸਿੰਘ ਅਤੇ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੇਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਗਜੀਵਨ ਕੌਰ ਅਤੇ ਰਜਿੰਦਰ ਕੌਰ ਬਰਾੜ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ।


