ਖੇਲੋ ਇੰਡੀਆ ਸਕੂਲ ਖੇਡਾਂ ਵਿੱਚ ਪੰਜਾਬ ਦਾ ਸੱਤਵਾਂ ਸਥਾਨ, ਮੋਗਾ ਦਾ ਚਰਨਪ੍ਰੀਤ ਸੋਨ ਤਗਮਾ ਜੇਤੂ ਬਾਸਕਟਬਾਲ ਟੀਮ ’ਚ ਸੀ ਸ਼ਾਮਲ

ਚੰਡੀਗੜ, 9 ਫਰਵਰੀ (ਜਸ਼ਨ)-ਭਾਰਤ ਸਰਕਾਰ ਵੱਲੋਂ ਪਹਿਲੀ ਵਾਰ ਕਰਵਾਈਆਂ ਗਈਆਂ ‘ਖੇਲੋ ਇੰਡੀਆ ਸਕੂਲ ਖੇਡਾਂ’ ਵਿੱਚ ਪੰਜਾਬ ਦੇ ਖਿਡਾਰੀਆਂ ਨੇ 10 ਸੋਨੇ, 5 ਚਾਂਦੀ ਤੇ 20 ਕਾਂਸੀ ਦੇ ਤਮਗਿਆਂ ਸਮੇਤ ਕੁੱਲ 35 ਤਮਗੇ ਜਿੱਤ ਕੇ ਓਵਰ ਆਲ ਸੱਤਵਾਂ ਸਥਾਨ ਹਾਸਲ ਕੀਤਾ। ਬੀਤੀ ਸ਼ਾਮ ਨਵੀਂ ਦਿੱਲੀ ਵਿਖੇ ਸਮਾਪਤ ਹੋਈਆਂ ਇਨਾਂ ਖੇਡਾਂ ਵਿੱਚ 29 ਸੂਬਿਆਂ ਤੇ 6 ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਪੰਜਾਬ 35 ਟੀਮਾਂ ਵਿੱਚੋਂ ਸੱਤਵੇਂ ਨੰਬਰ ’ਤੇ ਰਿਹਾ। ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਤਮਗਾ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਅਤੇ ਟੀਮ ਕੋਚਾਂ ਤੇ ਮੈਨੇਜਰਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਖਾਸ ਕਰ ਕੇ ਪ੍ਰਾਇਮਰੀ ਪੱਧਰ ’ਤੇ ਖੇਡ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਸ ਨਾਲ ਆਉਦੇ ਭਵਿੱਖ ਵਿੱਚ ਹੋਰ ਵੀ ਚੰਗੇ ਨਤੀਜੇ ਆਉਣਗੇ।
ਸ੍ਰੀਮਤੀ ਚੌਧਰੀ ਨੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵੀ ਵਧਾਈ ਦਿੱਤੀ ਜਿਨਾਂ ਸੱਚੀ-ਸੁੱਚੀ ਖੇਡ ਭਾਵਨਾ ਨਾਲ ਹਿੱਸਾ ਲਿਆ ਅਤੇ ਆਪਣੀ ਪੂਰੀ ਕੋਸ਼ਿਸ਼ ਕੀਤੀ। ਉਨਾਂ ਤਮਗੇ ਨਾ ਜਿੱਤਣ ਵਾਲੇ ਖਿਡਾਰੀਆਂ ਨੂੰ ਅੱਗੇ ਵਾਸਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਖਬਰ ਨਾਲ ਜਿੱਥੇ ਖੇਡ ਹਲਕਿਆਂ ਵਿਚ ਖੁਸ਼ੀ ਦੀ ਲਹਿਰ ਹੈ ਉੱਥੇ ਮੋਗਾ ਵਿਚ ਅੱਜ ਨਵਾਂ ਇਤਿਹਾਸ ਸਿਰਜਣ ਲਈ ਗੁਰੂ ਨਾਨਕ ਬਾਸਕਟਬਾਲ ਅਕੈਡਮੀ ਦੇ ਅਹੁਦੇਦਾਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ।
ਜ਼ਿਕਰਯੋਗ ਹੈ ਕਿ ਇਸ ਅਕੈਡਮੀ ਦੇ ਰੂਹੇ ਰਵਾਂਅ ਇੰਚਾਰਜ ਸਾਬਕਾ ਅੇੱਮ ਸੀ ਅਤੇ ਵਾਤਾਵਰਣ ਪਰੇਮੀ ਸ਼ਮਸ਼ੇਰ ਸਿੰਘ ਮੱਟਾ ਜੌਹਲ ,ਮਨੇਜਰ ਪਵਿੱਤਰ ਸਿੰਘ ਸੇਖੋਂ ਅਤੇ ਕੋਚ ਜਸਵੰਤ ਸਿੰਘ ਪੰਜਾਬ ਪੁਲਿਸ ਅਤੇ ਸਾਥੀਆਂ ਦੀ ਸਿਰੜੀ ਮਿਹਨਤ ਸਦਕਾ ਖਿਡਾਰੀਆਂ ਨੂੰ ਬਕਾਇਦਾ ਟਰੇਨਿੰਗ ਦਿੱਤੀ ਜਾਦੀ ਹੈ ਅਤੇ ਹੁਣ ਤੱਕ ਕਈ ਸ਼ਾਨਾਮੱਤੀਆਂ ਪ੍ਰਾਪਤੀਆਂ ਅਕੈਡਮੀ ਵੱਲੋਂ ਕੀਤੀਆਂ ਜਾ ਚੁੱਕੀਆਂ ਹਨ ਪਰ ਅੱਜ ਪੰਜਾਬ ਲਈ ਬਾਸਕਟਬਾਲ ਵਿਚ ਦਿੱਲੀ ਨੂੰ ਹਰਾ ਕੇ ਸੋਨ ਤਗਮਾ ਹਾਸਲ ਕਰਨ ਵਾਲੀ ਟੀਮ ਵਿਚ ਗੁਰੂ ਨਾਨਕ ਬਾਸਕਟਬਾਲ ਅਕੈਡਮੀ ਮੋਗਾ ਦੇ ਖਿਡਾਰੀ ਚਰਨਪ੍ਰੀਤ ਦੀ ਸ਼ਮੂਲੀਅਤ ਨੇ ਅਕੈਡਮੀ ਦੇ ਰਹਿਬਰਾਂ ਨੂੰ ਹੋਰ ਉਤਸ਼ਾਹ ਨਾਲ ਖਿਡਾਰੀਆਂ ਨੂੰ ਟਰੇਂਡ ਕਰਨ ਲਈ ਪ੍ਰੇਰਿਤ ਕੀਤਾ ਹੈ।
ਪੁਲਿਸ ਅਧਿਕਾਰੀ ਪੁਸ਼ਪਿੰਦਰ ਸਿੰਘ ਪੱਪੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੋਗੇ ਦੇ ਖਿਡਾਰੀਆਂ ਵਾਸਤੇ ਗੁਰੂ ਨਾਨਕ ਬਾਸਕਟਬਾਲ ਅਕੈਡਮੀ ਚਾਨਣ ਮੁਨਾਰਾ ਸਿੱਧ ਹੋ ਰਹੀ ਹੈ। ਪੰਜਾਬ ਦੇ ਖੇਡ ਦਲ ਦੇ ਮੁਖੀ ਅਤੇ ਸਿੱਖਿਆ ਵਿਭਾਗ ਦੇ ਖੇਡ ਵਿੰਗ ਦੇ ਸਟੇਟ ਆਰਗੇਨਾਈਜ਼ਰ ਸ੍ਰੀ ਰੁਪਿੰਦਰ ਰਵੀ ਨੇ ‘ਖੇਲੋ ਇੰਡੀਆ ਸਕੂਲ ਖੇਡਾਂ’ ਵਿੱਚ ਪੰਜਾਬ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਨੇ 10 ਸੋਨ ਤਮਗੇ ਜਿੱਤੇ ਜਿਨਾਂ ਵਿੱਚ ਬਾਸਕਟਬਾਲ ’ਚ ਮੁੰਡਿਆਂ ਨੇ ਸੋਨ ਤਮਗਾ ਜਿੱਤਿਆ।
ਇਸ ਤੋਂ ਇਲਾਵਾ 9 ਵਿਅਕਤੀਗਤ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤੇ। ਇਨਾਂ ਵਿੱਚ ਅਥਲੀਟ ਚੰਨਵੀਰ ਕੌਰ ਨੇ 200 ਮੀਟਰ, ਮੁੱਕੇਬਾਜ਼ੀ ਵਿੱਚ ਕੋਮਲ ਤੇ ਏਕਤਾ ਸਰੋਜ, ਜੂਡੋ ਵਿੱਚ ਹਰਮਨਪ੍ਰੀਤ ਸਿੰਘ, ਮਨਪ੍ਰੀਤ, ਮਹਿਕਪ੍ਰੀਤ ਤੇ ਜਸਵੀਰ ਸਿੰਘ, ਤੀਰਅੰਦਾਜ਼ ਵਿਨਾਇਕ ਵਰਮਾ ਅਤੇ ਕੁਸ਼ਤੀ ਵਿੱਚ ਅਰਸ਼ਪ੍ਰੀਤ ਕੌਰ ਨੇ ਸੋਨ ਤਮਗਾ ਜਿੱਤਿਆ। ਟੀਮ ਖੇਡਾਂ ਵਿੱਚੋਂ ਪੰਜਾਬ ਦੀ ਮੁੰਡਿਆਂ ਦੀ ਹਾਕੀ ਟੀਮ ਨੇ ਚਾਂਦੀ, ਕੁੜੀਆਂ ਦੀ ਟੀਮ ਨੇ ਕਾਂਸੀ ਦਾ ਤਮਗਾ ਅਤੇ ਫੁਟਬਾਲ ਵਿੱਚ ਮੁੰਡਿਆਂ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਪੰਜਾਬ ਲਈ ਮਾਣ ਵਾਲੀ ਗੱਲ ਰਹੀ ਕਿ ਜੂਡੋ ਵਿੱਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ ਜਦੋਂ ਕਿ ਪੰਜਾਬ ਦੀ ਏਕਤਾ ਸਰੋਜ ਸਰਵੋਤਮ ਮੁੱਕੇਬਾਜ਼ ਐਲਾਨੀ ਗਈ।


