ਸੰਤ ਬਾਬਾ ਭਾਗ ਸਿੰਘ ਸੰਸਥਾਵਾਂ ਵਿਖੇ ਯੋਗ ਅਧਾਰਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ

ਸੁਖਾਨੰਦ,10 ਫਰਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸੁਚੱਜੀ ਰਹਿਨੁਮਾਈ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ, ਮੋਗਾ ਵਿਖੇ ਆਧੁਨਿਕ ਜੀਵਨ ਸ਼ੈਲੀ ਵਿਚ ਯੋਗ ਦੀ ਮਹੱਤਤਾ ਉੱਪਰ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ।ਜਿਸ ਵਿੱਚ ਯੋਗਾ ਨਾਲ ਜੁੜੇ ਉੱਘੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨਾਂ ਅਤੇ ਸਰੋਤ ਬੁਲਾਰਿਆਂ ਵਜੋਂ ਡਾ. ਲਕਸ਼ਮੀ ਨਾਰਾਇਣ ਜੋਸ਼ੀ, ਸਹਾਇਕ ਪ੍ਰੋਫ਼ੈਸਰ ਯੋਗਿਕ ਸਾਇੰਸ, ਉੱਤਰਾਖੰਡ ਸੰਸਕਿ੍ਰਤ ਯੂਨੀਵਰਸਿਟੀ, ਹਰਿਦੁਆਰ (ਉੱਤਰਾਖੰਡ), ਡਾ. ਰਾਮ ਅਵਤਾਰ, ਰਿਟਾਇਰਡ ਪ੍ਰੋਜੈਕਟ ਅਫ਼ਸਰ ਯੋਗ, ਦਿੱਲੀ ਗਵਰਨਮੈਂਟ ਅਤੇ ਫਾਊਂਡਰ ਚੇਅਰਮੈਨ, ਪ੍ਰੇਮ ਸੁਖ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ, ਦਿੱਲੀ, ਸ੍ਰੀ ਸੁਖਰਾਮ ਜੀ, ਯੋਗਾ ਕੋਚ, ਡੀ.ਏ.ਵੀ. ਕਾਲਜ ਅਬੋਹਰ ਅਤੇ ਸ੍ਰੀ ਜੈਦੇਵ ਯੋਗੀ, ਯੋਗਾ ਕੋਚ, ਜਨਰਲ ਸੈਕਟਰੀ ਪੰਜਾਬ ਯੋਗ ਸਪੋਰਟਸ ਐਸੋਸੀਏਸ਼ਨ ਸੈਮੀਨਾਰ ਵਿੱਚ ਸ਼ਾਮਿਲ ਹੋਏ।ਸੈਸ਼ਨ ਪ੍ਰਧਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ.ਸੁਰਜੀਤ ਸਿੰਘ ਸਿੱਧੂ, ਪਿੰ੍ਰਸੀਪਲ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਅਤੇ ਪ੍ਰੈਜ਼ੀਡੈਂਟ, ਪੰਜਾਬ ਯੋਗ ਅਤੇ ਸਪੋਰਟਸ ਐਸੋਸੀਏਸ਼ਨ ਨੇ ਸ਼ਿਰਕਤ ਕੀਤੀ।ਇਹਨਾਂ ਦੇ ਨਾਲ ਹੀ ਸ੍ਰੀ ਸੰਜੇ ਸੋਨੀ, ਮੀਡੀਆ ਇੰਚਾਰਜ, ਦਿੱਲੀ, ਸ੍ਰੀ ਸ਼ੋਸ਼ਥਵ ਸ਼ਰਮਾ, ਪੀ.ਐੱਚ.ਡੀ. ਸਕਾਲਰ, ਯੋਗਿਕ ਡਿਪਾਰਮੈਂਟ ਉੱਤਰਾਖੰਡ ਸੰਸਕਿ੍ਰਤ ਯੂਨੀਵਰਸਿਟੀ ਅਤੇ ਡਾ.ਗੁਰਮੀਤ ਸਿੰਘ ਪਿ੍ਰੰਸੀਪਲ ਗਵਰਨਮੈਂਟ ਕਾਲਜ ਢੁੱਡੀਕੇ ਨੇ ਵੀ ਵਿਸ਼ੇਸ਼ ਤੌਰ ਤੇ ਸੈਮੀਨਾਰ ਵਿੱਚ ਹਾਜ਼ਰੀ ਲਗਵਾਈ। ਸ਼ਮਾਂ ਰੌਸ਼ਨ ਕੀਤੀ ਗਈ ਅਤੇ ਯੂਨੀਵਰਸਿਟੀ ਧੁਨੀ ਨਾਲ ਸੈਮੀਨਾਰ ਦਾ ਆਗਾਜ਼ ਕੀਤਾ ਗਿਆ। ਕਾਲਜ ਪਿੰ੍ਰਸੀਪਲ ਡਾ. ਸੁਖਵਿੰਦਰ ਕੌਰ ਨੇ ਸੈਮੀਨਾਰ ਵਿੱਚ ਪੁੱਜੀਆਂ ਸ਼ਖ਼ਸੀਅਤਾਂ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਪ੍ਰਤੀਨਿਧਾਂ ਦਾ ਨਿੱਘਾ ਸੁਆਗਤ ਕਰਦੇ ਹੋਏ ਉਹਨਾਂ ਨੂੰ ‘ਜੀ ਆਇਆਂ’ ਕਿਹਾ। ਕਾਲਜ ਦੇ ਉੱਪ ਪਿੰ੍ਰਸੀਪਲ ਗੁਰਜੀਤ ਕੌਰ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ। ਆਪਣੇ ਕੂੰਜੀਵਤ ਭਾਸ਼ਣ ਦੌਰਾਨ ਡਾ. ਲਕਸ਼ਮੀ ਨਾਰਾਇਣ ਜੋਸ਼ੀ, ਨੇ ਯੋਗ ਦੀ ਮਹੱਤਤਾ ਅਤੇ ਯੋਗਿਕ ਕਿ੍ਰਆਵਾਂ ਬਾਰੇ ਪਾਵਰ-ਪੁਆਇੰਟ ਪੇਸ਼ਕਾਰੀ ਕੀਤੀ।ਆਸਨ ਪ੍ਰਕਿ੍ਰਆਵਾਂ ਅਤੇ ਤਕਨੀਕ ਨੂੰ ਦਰਸਾਉਣ ਵਿੱਚ ਸ੍ਰੀ ਸ਼ੋਸ਼ਥਵ ਸ਼ਰਮਾਂ ਵੀ ਨਾਲ ਸਨ। ਡਾ. ਜੋਸ਼ੀ ਨੇ ਦੱਸਿਆ ਕਿ ਬਿਨਾ ਜਾਣਕਾਰੀ ਯੋਗ ਦਾ ਲਾਭ ਨਹੀਂ। ਥੋੜੇ ਜਿਹੇ ਅਭਿਆਸ, ਸਹੀ ਤਕਨੀਕ ਅਤੇ ਉਚਿੱਤ ਜਾਣਕਾਰੀ ਨਾਲ ਹੀ ਯੋਗਾ ਬੀਮਾਰੀਆਂ ਤੋਂ ਮੁਕਤੀ ਦਿਵਾਉਂਦਾ ਹੈ।ਸੈਮੀਨਾਰ ਦੇ ਪਹਿਲੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਡਾ. ਰਾਮ ਅਵਤਾਰ ਨੇ ਦੱਸਿਆ ਕਿ ਯੋਗ ਦਾ ਅਰਥ ਮਿਲਾਉਣਾ ਜਾਂ ਜੋੜਨਾ ਹੁੰਦਾ ਹੈ।ਯੋਗ ਮਨੱੁਖ ਦਾ ਮਾਨਸਿਕ, ਭੌਤਿਕ, ਨੈਤਿਕ ਅਤੇ ਚਰਿੱਤਰਕ ਵਿਕਾਸ ਕਰਨ ਵਿੱਚ ਵੀ ਸਹਾਈ ਹੈ। ਪਰ ਇਸ ਦਾ ਵਧੇਰੇ ਲਾਭ ਲੈਣ ਲਈ ਆਪਣੇ ਖਾਨ-ਪਾਨ ਦੇ ਢੰਗਾਂ ਨੂੰ ਸਹੀ ਰੱਖਣਾ, ਜੰਕ ਫੂਡ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਅਤਿ ਜਰੂਰੀ ਹੈ। ।
ਸ੍ਰੀ ਸੁਖਰਾਮ ਜੀ, ਨੇ ਯੋਗ ਥੈਰੇਪੀ ਬਾਰੇ ਦੱਸਦੇ ਹੋਏ ਕਿਹਾ ਕਿ ਯੋਗਾ ਸਾਡੇ ਦਿਮਾਗ ਨੂੰ ਮਜ਼ਬੂਤੀ ਦਿੰਦਾ ਹੈ, ਨਰਵ ਸਿਸਟਮ ਨੂੰ ਸਹੀ ਰੱਖਦਾ ਹੈ, ਇਕਾਗਰਤਾ ਨੂੰ ਵਧਾਉਂਦਾ ਹੈ ਅਤੇ ਸਿਹਤਮੰਦ ਵਿਕਾਸ ਵਿੱਚ ਵੀ ਸਹਾਈ ਹੁੰਦਾ ਹੈ। ।ਸ੍ਰੀ ਜੈਦੇਵ ਨੇ ਦੱਸਿਆ ਕਿ ਵਿਦਿਆਰਥੀ ਆਪਣੀ ਪੜਾਈ, ਨਤੀਜੇ ਅਤੇ ਜੀਵਨ ਉਦੇਸ਼ ਨੂੰ ਲੈ ਕੇ ਅਕਸਰ ਤਨਾਵਗ੍ਰਸਤ ਹੋ ਜਾਂਦੇ ਹਨ। ਵਿਸ਼ਾ ਸਮਝ ਨਾ ਆਉਣ ਅਤੇ ਧਿਆਨ ਭਟਕਣ ਦੀ ਸ਼ਿਕਾਇਤ ਵੀ ਕਰਦੇ ਹਨ। ਯੋਗ ਰਾਹੀਂ ਭਟਕਣਾ ਖ਼ਤਮ ਹੰੁਦੀ ਹੈ, ਸਰੀਰ ਹਲਕਾ ਮਹਿਸੂਸ ਕਰਦਾ ਹੈ, ਹਰ ਕੰਮ ਨੂੰ ਅਸੀਂ ਸਹਿਜੇ ਹੀ ਲੈਂਦੇ ਹਾਂ ਅਤੇ ਤਨਾਵ ਤੋਂ ਮੁਕਤੀ ਮਿਲਦੀ ਹੈ। ਦੂਜੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਡਾ. ਸੁਰਜੀਤ ਨੇ ਕੀਤੀ।ਇਸ ਸੈਸ਼ਨ ਦੌਰਾਨ ਵੱਖ’ਵੱਖ ਕਾਲਜਾਂ ਤੋਂ ਆਏ ਪ੍ਰਤੀਨਿਧੀਆਂ ਨੇ ਪੇਪਰ ਪੜੇ ।ਡਾ. ਸੁਰਜੀਤ ਨੇ ਪੰਜਾਬ ਵਿੱਚ ਯੋਗਾ ਦੇ ਪਹਿਲੇ ਰਾਸ਼ਟਰੀ ਸੈਮੀਨਾਰ ਦੇ ਆਯੋਜਨ ਤੇ ਪ੍ਰਸੰਨਤਾ ਜ਼ਾਹਿਰ ਕਰਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਯੋਗਾ ਦਾ ਪ੍ਰਚਾਰ ਵਣਜਕ ਉਦੇਸ਼ਾਂ ਨੂੰ ਮੁੱਖ ਰੱਖ ਕੇ ਨਹੀਂ ਹੋਣਾ ਚਾਹੀਦਾ।ਯੋਗਾ ਦਾ ਅਭਿਆਸ ਸੁਯੋਗ ਨਿਗਰਾਨੀ, ਜਾਣਕਾਰੀ ਅਤੇ ਉਚਿੱਤ ਤਕਨੀਕ ਵਿੱਚ ਹੋਣਾ ਚਾਹੀਦਾ ਹੈ।



