ਡੇਢ ਮਹੀਨੇ ਤੋਂ ਲਾਪਤਾ ਹੋਈ ਔਰਤ ਦੀ ਕੋਈ ਸੂਹ ਨਾ ਮਿਲੀ,ਪਰਿਵਾਰ ਗਹਿਰੇ ਸਦਮੇ ’ਚ

ਮੋਗਾ, 10 ਫਰਵਰੀ (ਪੱਤਰ ਪਰੇਰਕ) : 23 ਦਸੰਬਰ ਦੀ ਸਵੇਰ ਮੋਗਾ ਦੇ ਗੁਰੂ ਰਾਮਦਾਸ ਨਗਰ ਦੀ ਇਕ ਮਹਿਲਾ ਜਿਸ ਦੀ ਉਮਰ ਕਰੀਬ 32 ਸਾਲ ਹੈ, ਜੋ ਆਪਣੇ ਘਰ ਨਜ਼ਦੀਕ ਹੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ, ਦੇ ਡੇਢ ਮਹੀਨੇ ਲਾਪਤਾ ਹੋਣ ਤੋਂ ਬਾਅਦ ਵੀ ਕੋਈ ਉੱਘ-ਸੁੱਘ ਨਹੀਂ ਹੈ, ਜਿਸ ਕਾਰਨ ਉਸ ਦਾ ਪਰਿਵਾਰ ਕਾਫੀ ਪ੍ਰੇਸ਼ਾਨੀ ਦੇ ਆਲਮ ’ਚ ਹੈ। ਜਾਣਕਾਰੀ ਦੇ ਅਨੁਸਾਰ ਔਰਤ ਦੇ ਪਤੀ ਹਰਜੀਤ ਸਿੰਘ ਨਿਵਾਸੀ ਗੁਰੂ ਰਾਮਦਾਸ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਸੀ ਕਿ 23 ਦਸੰਬਰ ਦੀ ਸਵੇਰੇ 8 ਵਜੇ ਉਸ ਦੀ ਪਤਨੀ ਘਰ ਵਿਚ ਬੱਚਿਆਂ ਨੂੰ ਸੁੱਤਿਆਂ ਛੱਡ ਕੇ ਨਜ਼ਦੀਕ ਹੀ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਦੇ ਲਈ ਗਈ ਸੀ, ਪਰ ਉਸ ਦੇ ਬਾਅਦ ਉਹ ਵਾਪਸ ਘਰ ਨਹੀਂ ਆਈ। ਉਸ ਨੇ ਕਿਹਾ ਕਿ ਉਹ ਨੈਸਲੇ ਫੈਕਟਰੀ ਵਿਚ ਕੰਮ ਕਰਦਾ ਹੈ। ਰਾਤ ਦੀ ਡਿੳੂਟੀ ਤੋਂ ਬਾਅਦ ਜਦ ਉਹ ਸਵੇਰੇ ਘਰ ਪੁੱਜਾ ਤਾਂ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਦੱਸਿਆ ਕਿ ਰਛਪਾਲ ਕੌਰ ਸਵੇਰੇ ਮੱਥਾ ਟੇਕਣ ਗਈ ਸੀ, ਪਰ ਅਜੇ ਤੱਕ ਘਰ ਨਹੀਂ ਪਹੁੰਚੀ। ਇਸ ਤੋਂ ਬਾਅਦ ਮੈਂ ਆਪਣੇ ਪਤਨੀ ਦੀ ਕਾਫੀ ਤਲਾਸ਼ ਕੀਤੀ ਅਤੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕੀਤਾ, ਪਰ ਉਸ ਦਾ ਕੋਈ ਸੁਰਾਗ ਨਾ ਮਿਲਿਆ। ਜਿਸ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕੀਤਾ। ਪਰ ਡੇਢ ਮਹੀਨਾ ਬੀਤਣ ਦੇ ਬਾਅਦ ਵੀ ਰਛਪਾਲ ਕੌਰ ਸਬੰਧੀ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਪਰਿਵਾਰ ਵਾਲਿਆਂ ਨੇ ਜਨਤਕ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਰਛਪਾਲ ਕੌਰ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਇਸ ਬਾਰੇ ਸਾਨੂੰ ਸੂਚਿਤ ਕਰੇ। ਜ਼ਿਕਰਯੋਗ ਹੈ ਕਿ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਰਛਪਾਲ ਕੌਰ ਦੀ ਫੋਟੋ ਸਾਰੇ ਥਾਣਿਆਂ ਨੂੰ ਭੇਜ ਕੇ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।


