ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਹੋਈ

ਮੋਗਾ,10 ਫਰਵਰੀ (ਜਸ਼ਨ)-ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸਾਥੀ ਬਲਵਿੰਦਰ ਸਿੰਘ ਸੰਧੂ ਜੀ ਦੇ ਮਾਤਾ ਜੀ ਦੇ ਸੁਰਗਵਾਸ ਹੋਣ ਅਤੇ ਸਾਥੀ ਸ਼ੇਰੇ ਸਿੰਘ ਫਤਹਿਗੜ ਕੋਰੋਟਾਣਾ ਸਾਬਕਾ ਮੀਤ ਪ੍ਰਧਾਨ ਗੌਰਮਿੰਟ ਟਰਾਂਸਪੋਟਰ ਵਰਕਰਜ਼ ਯੂਨੀਅਨ ਡਿਪੂ ਜਗਰਾਓਂ ਦੇ ਸੁਰਗਵਾਸ ਹੋਣ ਤੇ ਅਫਸੋਸ ਪ੍ਰਗਟ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਉਪਰੰਤ ਪੈਨਸ਼ਨਰਾਂ ਨੂੰ ਸੂਚਿਤ ਕੀਤਾ ਗਿਆ ਕਿ ਜਨਵਰੀ 2017 ਤੋਂ ਮਿਲੀ ਅੰਤਿ੍ਰਮ ਰਲੀਫ਼ ਅਨੁਸਾਰ ਅੰਤਿ੍ਰਮ ਰਲੀਫ਼ ਨੂੰ ਬੇਸਿਕ ਪੈਨਸ਼ਨ ਵਿੱਚ ਗਿਣਕੇ ਐਲ.ਟੀ.ਸੀ. ਦਿੱਤਾ ਜਾਣਾ ਹੈ ਜਿਸ ਦਾ ਪੱਤਰ ਸਰਕਾਰੀ ਤੌਰ’ਤੇ ਰਲੀਜ਼ ਹੋ ਚੁੱਕਾ ਹੈ। ਇਸ ਮੌਕੇ ਵਿਸ਼ੇਸ਼ ਤੌਰ’ਤੇ ਪਹੁੰਚੇ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਮੋਤੀ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਉੱਤੇ ਮੰਡਰਾ ਰਹੇ ਖਤਰਿਆਂ ਬਾਰੇ ਜਾਣੂ ਕਰਾਇਆ। ਉਨਾਂ ਇਹ ਵੀ ਦੱਸਿਆ ਕਿ ਹੁਣ ਸਰਕਾਰਾਂ ਨੂੰ ਸਿਰਫ਼ ਤੇ ਸਿਰਫ਼ ਕਾਰਪੋਰੇਟ ਸੈਕਟਰ ਹੀ ਚਲਾ ਰਿਹਾ ਹੈ ਅਤੇ ਇਹ ਸਰਕਾਰਾਂ ਉਨਾਂ ਦੇ ਹੱਥ ਠੋਕਾ ਬਣਦੀਆਂ ਹੋਈਆਂ ਸਰਕਾਰੀ ਸੈਕਟਰ ਨੂੰ ਬਦਨਾਮ ਕਰਕੇ ਪ੍ਰਾਈਵੇਟ ਕਰਨ ਵਾਲੇ ਪਾਸੇ ਹੀ ਤੁਰ ਰਹੀਆਂ ਹਨ। ਉਨਾਂ ਕਿਹਾ ਕਿ ਜਦਕਿ ਮੁਲਾਜ਼ਮਾਂ ਦੀ ਗਿਣਤੀ ਘਟ ਰਹੀ ਹੈ ਅਤੇ ਠੇਕੇ’ਤੇ ਭਰਤੀ ਕਰਕੇ ਉਨਾਂ ਨੂੰ ਘੱਟ ਤਨਖਾਹਾਂ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ ਤਾਂ ਤਨਖਾਹਾਂ ਤੋਂ ਬਚਿਆ ਪੈਸਾ ਕਿੱਥੇ ਜਾ ਰਿਹਾ ਹੈ ਸਾਨੂੰ ਸਮਝਣ ਦੀ ਲੋੜ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਰੋਡਵੇਜ਼ ਨੂੰ ਕਾਰਪੋਰੇਸ਼ਨ ਵਿੱਚ ਬਦਲਣ ਦੀ ਤਿਆਰੀ ਹੋ ਚੁੱਕੀ ਹੈ ਜਿਸ ਨਾਲ ਇਸ ਦਾ ਭੋਗ ਪਾ ਕੇ ਪ੍ਰਾਈਵੇਟਾਂ ਦੀ ਮਨਮਾਨੀ ਚੱਲੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਡੀ.ਏ. ਜਾਮ ਕੀਤਾ ਹੋਇਆ ਜਦਕਿ ਮੰਤਰੀਆਂ ਅਤੇ ਵਿਧਾਇਕਾਂ, ਉੱਚ ਅਫ਼ਸਰਾਂ ਨੂੰ ਵੱਡੀਆਂ ਵੱਡੀਆਂ ਤਨਖਾਹਾਂ ਦੇ ਅਤੇ ਹੋਰ ਲਾਭ ਨਾਲ ਦੀ ਨਾਲ ਹੀ ਦਿੱਤੇ ਜਾ ਰਹੇ ਹਨ। ਜੋ ਵੀ ਕੱਟ ਲਾਈ ਜਾ ਰਹੀ ਹੈ ਉਹ ਸਿਰਫ਼ ਛੋਟੇ ਮੁਲਾਜ਼ਮਾਂ ਦੀਆਂ ਤਨਖਾਹਾਂ, ਡੀ.ਏ. ਆਦਿ ਤੇ ਕੱਟ ਲਾਇਆ ਜਾ ਰਿਹਾ ਹੈ। ਛੋਟੇ ਅਤੇ ਦਰਮਿਆਨੇ ਵਰਗ ਦੇ ਲੋਕਾਂ ਦੇ ਬੱਚਿਆਂ ਦੀਆਂ ਨੌਕਰੀਆਂ ਹੀ ਠੇਕੇ ‘ਤੇ ਭਰਤੀ ਰਾਹੀਂ ਭਰੀਆਂ ਜਾਂਦੀਆਂ ਹਨ। ਉਨਾਂ ਫਿਰੋਜ਼ਪੁਰ ਵਿਖੇ ਸਾਥੀ ਜਰਨੈਲ ਸਿੰਘ ਦੀ ਬਰਸੀ ਜੋ 23 ਫਰਵਰੀ ਨੂੰ ਮਨਾਈ ਜਾ ਰਹੀ ਹੈ, ਮੌਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪੈਨਸ਼ਨਰਾਂ ਦੇ ਮਸਲੇ ਵੀ ਵਿਚਾਰੇ ਗਏ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੇ ਵਿਚਾਰ ਚਰਚਾ ਕਰਦਿਆਂ ਉਨਾਂ ਕਿਹਾ ਕਿ 21 ਫਰਵਰੀ ਨੂੰ ਪੰਜਾਬ ਦੀ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਪੰਜਾਬ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਜਿਸ ਨੂੰ ਸਾਰੀਆਂ ਹੀ ਜਥੇਬੰਦੀਆਂ ਹਮਾਇਤ ਦੇ ਰਹੀਆਂ ਹਨ। ਇੱਕ ਮਤੇ ਰਾਹੀਂ ਇਸ ਹੜਤਾਲ ਦੀ ਹਮਾਇਤ ਕਰਨ ਦਾ ਅੇਲਾਨ ਕੀਤਾ ਗਿਆ। ਇੱਕ ਹੋਰ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਅੱਗੇ ਤੋਂ ਜਥੇਬੰਦੀ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਨੂੰ 70 ਸਾਲ ਦੀ ਉਮਰ ਪੂਰੀ ਕਰਨ ਤੇ ਇੱਕ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਜਾਇਆ ਕਰੇਗਾ। ਇਸੇ ਤਰਾਂ 80 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੂੰ ਇੱਕ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਜਾਇਆ ਕਰੇਗਾ। ਇਸ ਮੌਕੇ ਜ.ਸਕੱਤਰ ਭੂਪਿੰਦਰ ਸਿੰਘ ਸੇਖੋਂ, ਪਸਸਫ ਦੇ ਪ੍ਰਧਾਨ ਬਚਿੱਤਰ ਸਿੰਘ ਧੋਥੜ, ਪੋਹਲਾ ਸਿੰਘ ਬਰਾੜ, ਸੁਖਦੇਵ ਸਿੰਘ ਖੋਟਾ, ਗਿਆਨ ਸਿੰਘ ਮਾਛੀਕੇ, ਉਂਕਾਰ ਸਿੰਘ, ਸੁਰਜੀਤ ਸਿੰਘ ਘੋਲੀਆ, ਗੁਰਜੰਟ ਕੋਕਰੀ, ਸੱਤਪਾਲ ਸਹਿਗਲ, ਨਛੱਤਰ ਸਿੰਘ, ਭਜਨ ਸਿੰਘ, ਜਸਪਾਲ ਸਿੰਘ ਪਾਲੀ ਆਦਿ ਵੀ ਹਾਜ਼ਰ ਸਨ।