ਪੋਲ ਖੋਲ ਰੈਲੀ ਤੋਂ ਪਹਿਲਾਂ ਅਕਾਲੀਆਂ ਨੂੰ ਝਟਕਾ, ਕਾਂਗਰਸ ਦੇ ਚਿੱਠੇ ਫਰੋਲਣ ਵਾਲੇ ਸੁਖਬੀਰ ਬਾਦਲ ਪਹਿਲਾਂ ਖਿੰਡ ਰਹੀ ਪਾਰਟੀ ਬਚਾਉਣ-ਵਿਧਾਇਕ ਬਰਾੜ, ਪਿੰਡ ਸੇਖਾਂ ਕਲਾਂ ਦੇ 35 ਪਰਿਵਾਰ ਕਾਂਗਰਸ ‘ਚ ਹੋਏ ਸ਼ਾਮਿਲ

ਬਾਘਾਪੁਰਾਣਾ,12 ਫਰਵਰੀ (ਜਸਵੰਤ ਗਿੱਲ)- ਹਲਕਾ ਬਾਘਾਪੁਰਾਣਾ ਵਿਖੇ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪੋਲ ਖੋਲ ਰੈਲੀ ਤੋਂ ਪਹਿਲਾਂ ਅਕਾਲੀ ਦਲ ਨੂੰ ਹਲਕੇ ਦੇ ਪਿੰਡ ਸੇਖਾਂ ਕਲਾਂ ਤੋਂ ਜ਼ੋਰਦਾਰ ਝਟਕਾ ਲੱਗਿਆ ਹੈ ਕਿਉਂਕਿ ਇਸ ਪਿੰਡ ਦੇ ਮੌਜੂਦਾ ਸਰਪੰਚ ਬੀਬੀ ਸ਼ਿੰਦਰ ਕੌਰ ਸਮੇਤ 35 ਪਰਿਵਾਰਾਂ ਨੇ ਬਲਾਕ ਪ੍ਰਧਾਨ ਹਰਦੀਸ਼ ਸਿੰਘ ਦੀਸ਼ਾ ਸਿੱਧੂ ਦੀ ਅਗਵਾਈ ਹੇਠ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। ਬਲਾਕ ਪ੍ਰਧਾਨ ਹਰਦੀਸ਼ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪਿੰਡ ਦੇ ਅਕਾਲੀ ਦਲ ਨਾਲ ਸਬੰਧਿਤ ਮੌਜੂਦਾ ਸਰਪੰਚ ਬੀਬੀ ਸ਼ਿੰਦਰ ਕੌਰ ਤੇ ਉਨਾਂ ਦੇ ਪੂਰੇ ਪਰਿਵਾਰ ਸਮੇਤ 35 ਹੋਰ ਪਰਿਵਾਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਕੰਮਾਂ ਤੋਂ ਖੁਸ਼ ਹੋ ਕੇ ਕਾਂਗਰਸ ਪਾਰਟੀ ਦਾ ਲੜ ਫੜਿਆ ਹੈ। ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸੰਬੋਧਨ ਕਰਦਿਆ ਦੱਸਿਆ ਕਿ ਦੀਸ਼ਾ ਸਿੱਧੂ ਕਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ। ਦੀਸ਼ਾ ਸਿੱਧੂ ਦਾ ਦਾਦਾ ਸਾਬਕਾ ਸਰਪੰਚ ਜਰਨੈਲ ਸਿੰਘ ਕਰਕੇ ਹੀ ਇਸ ਪਿੰਡ ਵਿੱਚ ਕਾਂਗਰਸ ਪਾਰਟੀ ਮਜ਼ਬੂਤ ਹੋਈ ਹੈ ਤੇ ਹੁਣ ਉਨਾਂ ਦਾ ਪੋਤਰਾ ਹਰਦੀਸ਼ ਸਿੰਘ ਦੀਸ਼ਾ ਪਾਰਟੀ ਲਈ ਮਿਹਨਤ ਕਰ ਰਿਹਾ ਹੈ। ਆਪਣੇ ਸੰਬੋਧਨ ਵਿੱਚ ਜਿੱਥੇ ਵਿਧਾਇਕ ਬਰਾੜ ਨੇ ਸਿੱਧੂ ਪਰਿਵਾਰ ਦੀ ਪਾਰਟੀ ਪ੍ਰਤੀ ਜਿੰਮੇਵਾਰੀ ਅਤੇ ਕੰਮਾਂ ਦੀ ਪ੍ਰਸ਼ੰਸਾਂ ਕੀਤੀ ਉੱਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੰਮੇ ਹੱਥੀ ਲੈਦਿਆਂ ਖਿੰਡ ਰਹੀ ਪਾਰਟੀ ਬਚਾਉਣ ਲਈ ਕਿਹਾ। ਵਿਧਾਇਕ ਬਰਾੜ ਨੇ ਕਿਹਾ ਕਿ ਪੋਲ ਖੋਲ ਰੈਲੀ ਰਹੀ ਕਾਂਗਰਸ ਪਾਰਟੀ ਦੇ ਚਿੱਠੇ ਫਰੋਲਣ ਵਾਲੇ ਸੁਖਬੀਰ ਸਿੰਘ ਬਾਦਲ ਸਭ ਤੋਂ ਪਹਿਲਾਂ ਆਪਣੀ ਟੁੱਟ ਰਹੀ ਪਾਰਟੀ ਬਚਾਉਣ। ਉਨਾਂ ਕਿਹਾ ਕਿ ਅਕਾਲੀ ਦਲ ਦੀਆਂ ਲੋਕ ਮਾਰੂ ਨੀਤੀਆਂ ਦਾ ਅਸਰ ਅੱਜ ਵੀ ਲੋਕਾਂ ਤੇ ਦੇਖਣ ਨੂੰ ਮਿਲ ਰਿਹਾ ਹੈ ਇਸ ਕਰਕੇ ਹੀ ਲੋਕ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।ਇਸ ਮੌਕੇ ਜਸਵੰਤ ਸਿੰਘ,ਚਮਕੌਰ ਸਿੰਘ ਨੰਬਰਦਾਰ,ਬਸੰਤ ਸਿੰਘ,ਹਰਬੰਸ ਸਿੰਘ ਨੰਬਰਦਾਰ,ਗੁਰਵਿੰਦਰ ਸਿੰਘ ਨੰਬਰਦਾਰ,ਅੰਗਰੇਜ ਸਿੰਘ,ਜੋਗਿੰਦਰ ਸਿੰਘ,ਬਲਕੌਰ ਸਿੰਘ ਪ੍ਰਧਾਨ,ਵੀਰ ਸਿੰਘ ਖਾਲਸਾ,ਸਰਬਜੀਤ ਸਿੰਘ,ਇਕਬਾਲ ਸਿੰਘ ਸਾਬਕਾ ਸਰਪੰਚ,ਗੁਰਜੀਤ ਸਿੰਘ,ਮਾ.ਤੇਜਾ ਸਿੰਘ,ਅਵਤਾਰ ਸਿੰਘ ਨੰਬਰਦਾਰ ਅਤੇ ਸਾਬਕਾ ਪੰਚ ਹਰਬੰਸ ਸਿੰਘ ਹਾਜ਼ਰ ਸਨ।