ਭਰੂਣ ਹੱਤਿਆ ਦੀ ਬੁਰਾਈ ਨੂੰ ਠੱਲ ਪਾਉਣ ਲਈ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਪ੍ਰਚਾਰ ਵੈਨ ਨੂੰ ਦਿੱਤੀ ਹਰੀ ਝੰਡੀ

ਮੋਗਾ 12 ਫ਼ਰਵਰੀ(ਜਸ਼ਨ)-‘ਬੇਟੀ ਬਚਾਓ-ਬੇਟੀ ਪੜਾਓ‘ ਸਕੀਮ ਤਹਿਤ ਸਮਾਜ ਵਿੱਚ ਭਰੂਣ ਹੱਤਿਆ ਦੀ ਬੁਰਾਈ ਨੂੰ ਠੱਲ ਪਾਉਣ ਲਈ ਪ੍ਰਚਾਰ ਵੈਨ ਜ਼ਰੀਏ ਜਾਗਰੂਕ ਕੀਤਾ ਜਾਵੇਗਾ ਅਤੇ ਇਹ ਪ੍ਰਚਾਰ ਵੈਨ ਨੁੱਕੜ ਨਾਟਕਾਂ ਰਾਹੀਂ ਹਰ ਰੋਜ਼ ਲੜਕੀਆਂ ਦੇ ਘੱਟ ਲਿੰਗ ਅਨੁਪਾਤ ਵਾਲੇ ਚਾਰ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਅੱਜ ‘ਬੇਟੀ ਬਚਾਓ-ਬੇਟੀ ਪੜਾਓ‘ ਸਕੀਮ ਤਹਿਤ ਲੋਕਾਂ ਨੂੰ ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰਨ ਲਈ ਪ੍ਰਚਾਰ ਵੈਨ ਨੂੰ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਕੀਤਾ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੇਸ਼ ਤਿ੍ਰਪਾਠੀ, ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਟਵਾਲ ਅਤੇ ਐਸ.ਡੀ.ਐਮ ਮੋਗਾ ਸੁਖਹਰਪ੍ਰੀਤ ਸਿੰਘ ਸਿੱਧੂ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਮਾਜਿਕ ਸੁਰੱਖਅਿਾ, ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ‘ਬੇਟੀ ਬਚਾਓ-ਬੇਟੀ ਪੜਾਓ‘ ਮੁਹਿੰਮ ਤਹਿਤ ਬੱਚੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਜ਼ਿਲੇ ਵਿੱਚ ਬੱਚੀਆਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਲੜਕੀਆਂ ਦੇ ਘੱਟ ਲਿੰਗ ਅਨੁਪਾਤ ਵਾਲੇ ਜ਼ਿਲੇ ਦੇ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਇਸ ਪ੍ਰਚਾਰ ਵੈਨ ਰਾਹੀਂ ਲੋਕਾਂ ਨੂੰ ਨੁੱਕੜ ਨਾਟਕ ਟੀਮ ਜ਼ਰੀਏ ਲੜਕੀਆਂ ਦੇ ਜਨਮ ਨੂੰ ਉਤਸ਼ਾਹਿਤ ਕਰਨ ਅਤੇ ਧੀਆਂ ਦੀ ਸੁਰੱਖਿਆ ਪ੍ਰਤੀ ਸੁਚੇਤ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨਾਂ ਜ਼ਿਲੇ ਦੇ ਹਰ ਨਾਗਰਿਕ ਨੂੰ ਲਿੰਗ ਅਨੁਪਾਤ ‘ਚ ਸੁਧਾਰ ਲਿਆਉਣ ਲਈ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।