ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਕਿਸਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਮੋਗਾ, 18 ਫਰਵਰੀ (ਲਛਮਣਜੀਤ ਸਿੰਘ ਪੁਰਬਾ) : ਥਾਣਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਵਾਂਦਰ ਵਿਖੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਇਕ ਕਿਸਾਨ ਨੇ ਅੱਜ ਆਪਣੇ ਘਰ ਵਿਚ ਪਈ ਆਪਣੀ ਲਾਇਸੰਸੀ ਬੰਦੂਕ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮਿ੍ਰਤਕ ਕਿਸਾਨ ਦੇ ਬੇਟੇ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਥਾਣਾ ਸਮਾਲਸਰ ਦੇ ਏ.ਐਸ.ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਦਲੀਪ ਸਿੰਘ ਪੁੱਤਰ ਗੁਰਦੇਵ ਸਿੰਘ 50 ਸਾਲ ਨਿਵਾਸੀ ਵਾਂਦਰ, ਜੋ ਕਿ ਦਿਮਾਗੀ ਤੌਰ ਤੇ ਪੇ੍ਰਸ਼ਾਨ ਰਹਿੰਦਾ ਸੀ, ਜਿਸ ਦਾ ਇਲਾਜ ਫਰੀਦਕੋਟ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਚ ਚੱਲ ਰਿਹਾ ਸੀ। ਉਨਾਂ ਕਿਹਾ ਕਿ ਕਿਸਾਨ ਦੇ ਕੋਲ 8 ਕਿਲੇ ਜ਼ਮੀਨ ਸੀ ਅਤੇ 5 ਫਰਵਰੀ ਨੂੰ ਉਸ ਦੇ ਬੇਟੇ ਦੀ ਸ਼ਾਦੀ ਹੋਈ ਸੀ। ਉਨਾਂ ਦੱਸਿਆ ਕਿ ਐਤਵਾਰ ਨੂੰ ਉਸ ਦਾ ਸਾਰਾ ਪਰਿਵਾਰ ਪਿੰਡ ਵਿਚ ਇਕ ਧਾਰਮਿਕ ਸਥਾਨ ਤੇ ਗਿਆ ਹੋਇਆ ਸੀ। ਇਸ ਦੌਰਾਨ ਦਲੀਪ ਸਿੰਘ ਘਰ ਵਿਚ ਇਕੱਲਾ ਸੀ ਅਤੇ ਉਸ ਨੇ ਸਾਢੇ 10 ਵਜੇ ਦੇ ਕਰੀਬ ਆਪਣੀ 12 ਬੋਰ ਲਾਇਸੰਸੀ ਬੰਦੂਕ ਨਾਲ ਆਪਣੇ ਪੇਟ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।