ਸਿਹਤ ਵਿਭਾਗ ਵੱਲੋਂ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਓ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

ਫ਼ਿਰੋਜ਼ਪੁਰ,24 ਫਰਵਰੀ  (ਪੰਕਜ ਕੁਮਾਰ ) ਡਾ ਰੇਨੂ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਡਾ: ਯੁਵਰਾਜ ਨਾਰੰਗ ਜ਼ਿਲ੍ਹਾ ਐਪੀਡੀਮਾਲੋਜਿਸਟ ਦੀ ਅਗਵਾਈ ਵਿੱਚ ਸਟਰੀਮ ਲਾਈਨ ਸੁਸਾਇਟੀ ਦੇ ਸਹਿਯੋਗ ਨਾਲ ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਅਤੇ ਹਿੰਦੂ ਗਰਲਜ਼ ਸਕੂਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਸਕੂਲ ਦੇ ਬੱਚਿਆਂ ਨੂੰ ਸਵਾਈਨ ਫਲੂ, ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਆਦਿ ਵੈਕਟਰ ਬੋਰਨ ਬਿਮਾਰੀਆਂ ਤੋ ਬਚਾਓ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।  ਇਸ ਮੌਕੇ ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਸ਼ਹਿਰ ਦੇ ਪਿ੍ਰੰਸੀਪਲ ਡਾ. ਸੁਨੀਤਾ ਰੰਗਬੁਲਾ ਵੀ ਹਾਜ਼ਰ ਸੀ।    ਡਾ: ਯੁਵਰਾਜ ਨਾਰੰਗ ਨੇ ਸਵਾਈਨ ਫਲੂ ਬਿਮਾਰੀ ਬਾਰੇ ਦੱਸਿਆ ਕਿ ਇਹ ਇੱਕ ਐੱਚ 1 ਐਨ 1 ਨਾਮ ਦੇ ਵਾਇਰਸ ਨਾਲ ਹੁੰਦੀ ਹੈ ਅਤੇ ਸ਼ਾਹ ਰਾਹੀ ਇੱਕ ਮਨੁੱਖ ਤੋ ਦੂਜੇ ਮਨੁੱਖ ਵਿਚ ਫੈਲਦੀ ਹੈ।  ਇਸ ਬਿਮਾਰੀ ਵਿਚ ਕੁੱਝ ਖ਼ਾਸ ਤਰਾਂ ਦੇ ਚਿੰਨ੍ਹ ਪਾਏ ਜਾਂਦੇ ਹਨ, ਜਿਵੇਂ ਕਿ ਤੇਜ਼ ਬੁਖ਼ਾਰ ਹੋਣਾ, ਖ਼ਾਸੀ ਅਤੇ ਜ਼ੁਕਾਮ ਹੋਣਾ, ਸਾਹ ਲੈਣ ਵਿਚ ਮੁਸ਼ਕਲ ਹੋਣਾ, ਸਰੀਰ ਦੀ ਟੁੱਟ ਭੱਜ ਮਹਿਸੂਸ ਹੋਣਾ ਆਦਿ। ਇਸ ਤੋ ਇਲਾਵਾ ਇਸ ਬਿਮਾਰੀ ਤੋ ਬਚਣ ਦੇ ਉਪਰਾਲੇ ਵੀ ਦੱਸੇ ਗਏ ਜਿਵੇਂ ਕਿ ਬਹੁਤ ਜ਼ਿਆਦਾ ਭੀੜ ਵਾਲੀਆ ਥਾਵਾਂ ਤੇ ਨਹੀਂ ਜਾਣਾ ਚਾਹੀਦਾ, ਖੰਘਦੇ ਅਤੇ ਛਿੱਕਦੇ ਹੋਏ ਮੂੰਹ ਅਤੇ ਨੱਕ ਨੂੰ ਢੱਕਣਾਂ ਚਾਹੀਦਾ, ਆਪਣੇ ਹੱਥਾ ਨੂੰ ਸਾਬਣ ਨਾਲ ਚੰਗੀ ਤਰਾਂ ਸਾਫ਼ ਕਰਨਾ ਚਾਹੀਦਾ, ਪਾਣੀ ਜ਼ਿਆਦਾ ਮਾਤਰਾ ਵਿਚ ਪੀਣਾ ਚਾਹੀਦਾ ਆਦਿ। ਇਸ ਬਿਮਾਰੀ ਦੇ ਲੱਛਣ ਪੱਤਾ ਲੱਗਣ ਤੇ  ਸਿਵਲ ਹਸਪਤਾਲ ਤੋ ਆਪਣੀ ਜਾਂਚ ਅਤੇ ਇਲਾਜ ਕਰਵਾਇਆ ਜਾਵੇ।    ਇਸ ਤਰਾਂ ਹੀ ਉਨ੍ਹਾਂ ਨੇ ਡੇਂਗੂ ਬਾਰੇ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ ਅਜਪਿਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਦਿਨ ਦੇ ਸਮੇਂ ਕੱਟਦਾ ਹੈ। ਇੱਕ ਦਮ ਤੇਜ਼ ਬੁਖ਼ਾਰ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਪੱਠਿਆ ਵਿਚ ਦਰਦ, ਜੀ ਕੱਚਾ ਹੋਣਾ, ਉਲਟੀਆਂ ਆਉਣਾ, ਨੱਕ, ਮੂੰਹ, ਜਬਾੜ੍ਹਿਆਂ ਵਿਚੋਂ ਖ਼ੂਨ ਆਉਣਾ ਤੇ ਚਮੜੀ ਤੇ ਨੀਲ ਪੈਣਾ ਡੇਂਗੂ ਬੁਖ਼ਾਰ ਦੇ ਲੱਛਣ ਹਨ। ਡੇਂਗੂ ਜਿਹੀ ਭਿਆਨਕ ਬਿਮਾਰੀ ਤੋ ਬਚਣ ਲਈ ਸਾਨੂੰ ਕੱਪੜੇ ਅਜਿਹੇ ਪਹਿਨਣੇ ਚਾਹੀਦੇ ਹਨ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਇਸ ਤੋ ਇਲਾਵਾ ਘਰਾਂ ਅਤੇ ਦਫ਼ਤਰਾਂ ਵਿਚ ਲੱਗੇ ਫ਼ਰਿਜ ਦੀ ਪਿੱਛੇ ਲੱਗੀ ਟਰੇਅ ਅਤੇ ਕੂਲਰਾਂ ਨੂੰ ਚੰਗੀ ਤਰਾਂ ਰਗੜ ਕੇ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਦਫ਼ਤਰ/ਘਰ ਵਿਚ ਮੱਛਰ ਦਾ ਲਾਰਵਾ ਮਿਲਦਾ ਹੈ ਤਾਂ ਉਸਦੇ ਮੁਖੀ ਨੂੰ ਪੰਜਾਬ ਮਿਂਉਂਸੀਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ 500 ਤੋ ਲੈ ਕੇ 11000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸਟਰੀਮ ਲਾਈਮ ਐਨ.ਜੀ.ਓ ਦੇ ਪ੍ਰਧਾਨ ਦੀਵਾਨ ਚੰਦ ਸੁਖੀਜਾ ਵੱਲੋਂ ਸਕੂਲੀ ਬੱਚਿਆਂ  ਅਤੇ ਟੀਚਰਾਂ ਨੂੰ ਅਪੀਲ ਕੀਤੀ ਕਿ ਡੇਂਗੂ ਜਿਹੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਆਪਣੇ ਘਰਾਂ ਦੇ ਆਲ਼ੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ ਅਤੇ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਜਿਸ ਨਾਲ ਮੱਛਰਾਂ ਦੀ ਪੈਦਾਵਾਰ ਤੇ ਰੋਕ ਲਗਾਈ ਜਾ ਸਕੇ। ਜੇਕਰ ਆਪ ਨੂੰ ਆਪਣੇ ਘਰ ਵਿਚ ਜਾਂ ਆਸ ਪਾਸ ਕੋਈ ਡੇਂਗੂ ਦਾ ਸੱਕੀ ਮਰੀਜ਼ ਲੱਗਦਾ ਹੈ ਤਾਂ ਉਸ ਦਾ ਚੈੱਕ-ਅਪ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿਚ ਕਰਵਾਇਆ ਜਾਵੇ। ਡੇਂਗੂ ਦਾ ਟੈੱਸਟ ਅਤੇ ਸੁਪੋਰਟਿਵ ਇਲਾਜ ਸਿਵਲ ਹਸਪਤਾਲ ਫ਼ਿਰੋਜਪੁਰ ਵਿਚ ਨਿਸ਼ੁਲਕ ਕੀਤਾ ਜਾਂਦਾ ਹੈ। ਇਸ ਮੌਕੇ ਸਿਹਤ ਵਿਭਾਗ ਦੇ ਸਤਪਾਲ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਪੁਨੀਤ ਮਹਿਤਾ, ਪ੍ਰਵੀਨ ਧਵਨ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।