ਮੋਗਾ ਦਾ ਰੇਲਵੇ ਸਟੇਸ਼ਨ ਬਣੇਗਾ ਮਾਡਲ ਰੇਲਵੇ ਸਟੇਸ਼ਨ,ਵਿਧਾਇਕ ਡਾ: ਹਰਜੋਤ ਕਮਲ ਨੇ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰਕੇ ਦੇਸ਼ ’ਚ ਅਪਗਰੇਡ ਹੋਣ ਵਾਲੇ 600 ਰੇਲਵੇ ਸ਼ਟੇਸ਼ਨਾਂ ਦੀ ਸੂਚੀ ਵਿਚ ਮੋਗਾ ਨੂੰ ਕਰਵਾਇਆ ਸ਼ਾਮਲ

ਮੋਗਾ, 26 ਫਰਵਰੀ (ਜਸ਼ਨ)-: ਮੋਗਾ ਸ਼ਹਿਰ ਨੂੰ ਮਾਡਲ ਸ਼ਹਿਰ ਬਣਾਉਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਦਿਨ ਰਾਤ ਪੁਰਜ਼ੋਰ ਕੋਸ਼ਿਸਾਂ ਜਾਰੀ ਹਨ। ਇਸੇ ਕੜੀ ਤਹਿਤ ਡਾ: ਹਰਜੋਤ ਨੇ ਮੋਗਾ ਦੇ ਰੇਲਵੇ ਸ਼ਟੇਸ਼ਨ ਨੂੰ ਅੱਪਗ੍ਰੇਡ ਕਰਵਾਉਣ ਲਈ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਪਿਯੂਸ਼ ਗੋਇਲ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਮੋਗਾ ਦੇ ਰੇਲਵੇ ਸ਼ਟੇਸ਼ਨ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਪਿਯੂਸ਼ ਗੋਇਲ ਨੇ ਵਿਸ਼ਵਾਸ ਦਵਾਇਆ ਕਿ ਦੇਸ਼ ਦੇ 600 ਰੇਲਵੇ ਸ਼ਟੇਸ਼ਨ ਜਿਨਾਂ ਨੂੰ ਨਵੇਂ ਬਜਟ ਵਿੱਚ ਅੱਪਗ੍ਰੇਡ ਕਰਨ ਲਈ ਚੁਣਿਆ ਗਿਆ ਹੈ ਉਸ ਸੂਚੀ ਵਿੱਚ ਮੋਗਾ ਦੇ ਰੇਲਵੇ ਸ਼ਟੇਸ਼ਨ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਵੀ ਉਨਾਂ ਤੁਰੰਤ ਆਪਣੇ ਸਟਾਫ਼ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜਿਸਤੇ ਡਾ. ਹਰਜੋਤ ਨੇ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ।

ਡਾ. ਹਰਜੋਤ ਨੇ ਦੱਸਿਆ ਕਿ ਉਨਾਂ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਪਿਯੂਸ਼ ਗੋਇਲ ਜੀ ਨੂੰ ਦੱਸਿਆ ਕਿ ਮਾਲਵੇ ਦਾ ਧੁਰਾ ਮੋਗਾ ਜਿਸ ਵਿੱਚ ਏਸ਼ੀਆਂ ਦੀ ਦੂਸਰੀ ਸਭ ਤੋਂ ਵੱਡੀ ਦਾਣਾ ਮੰਡੀ ਹੈ, ਜਿੱਥੋਂ ਅਨਾਜ਼ ਦੇਸ਼ਾਂ ਵਿਦੇਸ਼ਾਂ ਵਿੱਚ ਨਿਰਯਾਤ ਹੁੰਦਾ ਹੈ ਅਤੇ ਮੋਗਾ ਵਿੱਚ ਹੀ ਥਰੈਸਰ ਮਸ਼ੀਨਾਂ ਅਤੇ ਪੁਰਜ਼ੇ ਬਣਦੇ ਹਨ ਜਿਥੋਂ ਪੂਰੇ ਦੇਸ਼ ਵਿੱਚ ਸਪਲਾਈ ਕੀਤੀ ਜਾਂਦੀ ਹੈ। ਇਸਤੋਂ ਇਲਾਵਾ ਮੋਗਾ ਵਿੱਚ ਮਲਟੀਨੈਸ਼ਨਲ ਕੰਪਨੀ ਨੈਸਲੇ ਇੰਡੀਆਂ ਹੈ ਜਿੱਥੋਂ ਦੇਸ਼ ਵਿਦੇਸ਼ਾਂ ਨੂੰ ਨੈਸਲੇ ਦੇ ਪ੍ਰੋਡਕਟਸ ਸਪਲਾਈ ਹੁੰਦੇ ਹਨ। ਇਸ ਸਾਮਾਨ ਨੂੰ ਮੋਗਾ ਤੋਂ ਹੋਰਨਾਂ ਥਾਵਾਂ ਤੇ ਸਪਲਾਈ ਕਰਨ ਵਿੱਚ ਰੇਲਵੇ ਦਾ ਬਹੁਤ ਵੱਡਾ ਸਹਿਯੋਗ ਹੈ, ਇਸ ਲਈ ਮੋਗਾ ਦੇ ਰੇਲਵੇ ਸ਼ਟੇਸ਼ਨ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਡਾ. ਹਰਜੋਤ ਨੇ ਮੰਤਰੀ ਜੀ ਨੂੰ ਦੱਸਿਆ ਕਿ ਮੋਗਾ ਦੇ ਬਹੁਤੇ ਲੋਕ ਬਿਜਨਸਮੈਨ, ਵਪਾਰੀ, ਲਿਖਾਰੀ, ਸਿਆਸਤਦਾਨ, ਵਿਦਵਾਨ ਹਨ ਅਤੇ ਜਿਆਦਾਤਰ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਬਹੁਤ ਸਾਰੇ ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਹਨ। ਇਸ ਲਈ ਇਨਾਂ ਲੋਕਾਂ ਦੀਆਂ ਲੋੜਾ ਦੀ ਪੂਰਤੀ ਲਈ ਸ਼ਤਾਬਦੀ ਐਕਸਪ੍ਰੈਸ ਨੂੰ ਮੋਗਾ ਤੋਂ ਸ਼ੁਰੂ ਕੀਤਾ ਜਾਵੇ ਅਤੇ ਦੋ ਦਿਨ ਦੀ ਬਜਾਏ ਰੋਜ਼ਾਨਾ ਚਲਾਇਆ ਜਾਵੇ। ਡਾ. ਹਰਜੋਤ ਨੇ ਕਿਹਾ ਕਿ ਮੋਗਾ ਦੇ ਰੇਲਵੇ ਸ਼ਟੇਸ਼ਨ ਦਾ ਸੁੰਦਰੀਕਰਨ ਅਤੇ ਆਧੁਨੀਕਰਨ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਮੁਸਾਫ਼ਰਾਂ ਨੂੰ ਵਧੀਆਂ ਮਾਹੌਲ ਅਤੇ ਵਾਤਾਵਰਣ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਰੇਲਵੇ ਸ਼ਟੇਸ਼ਨ ਵਿੱਚ ਸਿਰਫ਼ ਇੱਕ ਹੀ ਟਿਕਟ ਖਿੜਕੀ ਹੋਣ ਕਾਰਨ ਹਮੇਸ਼ਾਂ ਭੀੜ ਲੱਗੀ ਰਹਿੰਦੀ ਹੈ, ਇਸ ਲਈ ਰੇਲਵੇ ਸ਼ਟੇਸ਼ਨ ਨੂੰ ਏ.ਸੀ. ਕੀਤਾ ਜਾਵੇ ਅਤੇ ਟਿਕਟ ਖਿੜਕੀਆਂ ਦੀ ਗਿਣਤੀ ਨੂੰ ਵੀ ਵਧਾਇਆ ਜਾਵੇ ਤਾਂਕਿ ਔਰਤਾਂ ਅਤੇ ਬਜੁਰਗਾਂ ਨੂੰ ਜਿਆਦਾ ਦੇਰ ਲਾਈਨ ਵਿੱਚ ਖੜ ਕੇ ਇੰਤਜਾਰ ਨਾ ਕਰਨਾ ਪਵੇ। ਉਨਾਂ ਦੱਸਿਆ ਕਿ ਪਹਿਲਾਂ ਟਿਕਟ ਖਿੜਕੀ ਖੁੱਲਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਦਾ ਹੁੰਦਾ ਸੀ, ਜਿਸਨੂੰ ਬਦਲ ਕੇ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਦਾ ਕੀਤਾ ਗਿਆ ਹੈ, ਜਿਸ ਕਾਰਨ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸਦਾ ਸਮਾਂ ਪਹਿਲਾਂ ਵਾਂਗ ਹੀ ਕੀਤਾ ਜਾਵੇ। ਇਸਤੋਂ ਇਲਾਵਾ ਨੈਸਲੇ ਰੋਡ ਜਕਿ ਦਾਣਾ ਮੰਡੀ ਨੂੰ ਜਾਂਦੀ ਹੈ ਉਸਤੇ ਰੇਲਵੇ ਅੰਡਰ ਪਾਸ ਬਣਾਇਆ ਜਾਵੇ। ਡਾ. ਹਰਜੋਤ ਨੇ ਦੱਸਿਆ ਕਿ ਮੋਗਾ ਦੇ ਗਾਂਧੀ ਰੋਡ ਤੇ ਸਥਿੱਤ ਐਫ.ਸੀ.ਆਈ. ਦੇ ਗੋਦਾਮਾਂ ਵਿੱਚ ਲੋਡਿੰਗ ਅਤੇ ਅਨਲੋਡਿੰਗ ਕਾਰਨ ਹਮੇਸ਼ਾਂ ਗਾਂਧੀ ਰੋਡ ਤੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ, ਜਿਸਦੇ ਲਈ ਐਫ.ਸੀ.ਆਈ. ਦੇ ਗੋਦਾਮਾਂ ਨੂੰ ਡਗਰੂ ਰੇਲਵੇ ਸ਼ਟੇਸ਼ਨ ਦੇ ਨਜ਼ਦੀਕ ਸਿਫ਼ਟ ਕੀਤਾ ਜਾਵੇਗਾ ਤਾਂਕਿ ਡਗਰੂ ਦਾ ਵੀ ਵਿਕਾਸ ਹੋ ਸਕੇ ਅਤੇ ਲੋਕਾਂ ਨੂੰ ਜਾਮ ਤੋਂ ਵੀ ਨਿਜਾਤ ਮਿਲੇ। ਡਾ. ਹਰਜੋਤ ਨੇ ਦੱਸਿਆ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਪਿੰਡ ਢੁੱਡੀਕੇ ਨੂੰ ਜਾਣ ਵਾਲੀ ਸੜਕ ਤੇ ਰੇਲਵੇ ਕ੍ਰਾਂਸਿੰਗ ਪੈਂਦੀ ਹੈ, ਜਿੱਥੋਂ ਰੋਜਾਨਾਂ ਕਿਸਾਨਾਂ, ਵਿਦਿਆਰਥੀਆਂ, ਅਧਿਆਪਕਾਂ ਨੇ ਆਉਣਾ ਜਾਣਾ ਹੁੰਦਾ ਹੈ ਅਤੇ ਉਥੇ ਹੀ ਰੇਲਵੇ ਦੇ ਗੋਦਾਮ ਹੋਣ ਕਰਕੇ ਹਮੇਸ਼ਾ ਜਾਮ ਲੱਗਾ ਰਹਿੰਦਾ ਹੈ, ਇਸ ਲਈ ਰੇਲਵੇ ਕ੍ਰਾਂਸਿੰਗ ਦੇ ਓਵਰ ਬਿ੍ਰਜ ਬਣਾਉਣ ਲਈ ਗੁਜਾਰਿਸ਼ ਕੀਤੀ ਗਈ ਹੈ।