ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਸਮਾਰੋਹ 'ਚ ਮੋਹਰੀ ਰਹੀਆਂ ਸੁਖਾਨੰਦ ਕਾਲਜ ਦੀਆਂ ਵਿਦਿਆਰਥਣਾਂ

ਮੋਗਾ, 26 ਫਰਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੀਆਂ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਨੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਵਿਖੇ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸਮਾਰੋਹ ਵਿੱਚ ਭਾਗ ਲਿਆ। ਇਸ ਸਮਾਰੋਹ ਵਿੱਚ ਕਵਿਤਾ ਲੇਖਣ ਤੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਕਵਿਤਾ ਉਚਾਰਣ ਮੁਕਾਬਲੇ ਵਿੱਚ ਮਨੀਸ਼ਾ ਰਾਣੀ ਨੇ ਕਵਿਤਾ ਔੜ’ ਦੇ ਗਾਇਨ ਸਦਕਾ ਸਰੋਤਿਆਂ ਨੂੰ ਕੀਲਿਆ ਅਤੇ ਦੂਜਾ ਸਥਾਨ ਹਾਸਿਲ ਕੀਤਾ। ਜਸਪ੍ਰੀਤ ਕੌਰ ਨੇ ਕਵਿਤਾ ਲੇਖਣ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਕਾਲਜ ਦਾ ਮਾਣ ਸਨਮਾਨ ਉੱਚਾ ਕੀਤਾ।ਰਾਜਦੀਪ ਕੌਰ, ਅਮਨਦੀਪ ਕੌਰ ਤੇ ਗੁਰਪ੍ਰੀਤ ਕੌਰ ਨੇ ਵੀ ਕਵਿਤਾ ਉਚਾਰਣ ਵਿੱਚ ਆਪਣੀ ਚੰਗੀ ਕਾਰਗੁਜ਼ਾਰੀ ਦਿਖਾਈ ਤੇ ਹੌਂਸਲਾ ਅਫ਼ਜਾਈ ਵਜੋਂ ਸਰਟੀਫ਼ਿਕੇਟ ਹਾਸਿਲ ਕੀਤੇ। ਪ੍ਰੋਗਰਾਮ ਦੇ ਸੰਚਾਲਕਾਂ ਅਤੇ ਸਿੱਖਿਆ ਵਿੰਗ ਦੇ ਸੀਨੀਅਰ ਪ੍ਰੋਫ਼ੈਸਰ ਸ੍ਰੀਮਤੀ ਐਸ.ਕੇ. ਬਾਵਾ ਨੇ ਜੇਤੂ ਵਿਦਿਆਰਥਣਾਂ ਅਤੇ ਟੀਮ ਇੰਚਾਰਜ ਅਧਿਆਪਕਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਆਪਣੀ ਰਚਨਾਤਮਕ ਪ੍ਰਤਿਭਾ ਨੂੰ ਹੋਰ ਵਧੇਰੇ ਨਿਖਾਰਣ ਲਈ ਉਤਸ਼ਾਹਿਤ ਕੀਤਾ।


