ਹਲਕਾ ਬਾਘਾਪੁਰਾਣਾ ਦੀਆਂ ਸਮੱਸਿਆਵਾਂ ਤੋਂ ਵਿਰੋਧੀ ਧਿਰ ਦੇ ਨੇਤਾ ਖਹਿਰਾ ਨੂੰ ਕਰਵਾਇਆ ਜਾਣੂ

ਸਮਾਲਸਰ,1 ਮਾਰਚ (ਜਸਵੰਤ ਗਿੱਲ)-ਆਮ ਆਦਮੀ ਪਾਰਟੀ ਦੇ ਜਿਲਾ ਜਨਰਲ ਸਕੱਤਰ ਦੀਪਕ ਅਰੋੜਾ ਸਮਾਲਸਰ ਨੇ ਹਲਕਾ ਬਾਘਾਪੁਰਾਣਾ ਦੀਆਂ ਸਮੱਸਿਆਵਾਂ ਤੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਜਾਣੂ ਕਰਵਾ ਕੇ ਕਾਂਗਰਸ ਸਰਕਾਰ ਵੱਲੋਂ ਪੈਦਾ ਕੀਤੀ ਗਈ ਗੁੰਡਾਗਰਦੀ ਖਿਲਾਫ ਆਵਾਜ਼ ਬੁਲੰਦ ਕਰਨ ਲਈ ਕਿਹਾ ਹੈ।ਦੀਪਕ ਸਮਾਲਸਰ ਨੇ ਦੱਸਿਆ ਕਿ ਹਲਕੇ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਇਸ ਗੱਲ ਦਾ ਪਤਾ ਹੈ ਕਿ ਹਲਕੇ ਦੇ ਕਾਂਗਰਸੀ ਵਿਧਾਇਕ ਨੇ ਕਾਨੂੰਨੀ ਵਿਵਸਥਾ ਆਪਣੇ ਹੱਥ ਵਿੱਚ ਲੈ ਲਈ ਹੈ ਇਸ ਕਰਕੇ ਹਲਕੇ ਅੰਦਰ ਕੋਈ ਵੀ ਨਿਯਮ ਜਾਂ ਕਾਨੂੰਨ ਨਹੀਂ ਰਹਿ ਗਿਆ ਹੈ।ਸਮਾਲਸਰ ਨੇ ਦੱਸਿਆ ਕਿ ਵਿਧਾਇਕ ਖਹਿਰਾ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਵਿਧਾਇਕ ਬਰਾੜ ਨੇ ਹਲਕਾ ਬਾਘਾਪੁਰਾਣਾ ਵਿੱਚ ਚਹੁੰ ਪਾਸੇ ਆਪਣੀ ਗੁੰਡਾਗਰਦੀ ਫੈਲਾਈ ਹੋਈ ਹੈ ਇਸ ਕਰਕੇ ਹੀ ਕਾਨੂੰਨੀ ਵਿਵਸਥਾ ਖਰਾਬ ਹੋ ਰਹੀ ਹੈ।ਇਸ ਦਾ ਅਸਰ ਇਕੱਲੇ ਹਲਕਾ ਬਾਘਾਪੁਰਾਣਾ ‘ਤੇ ਹੀ ਨਹੀਂ ਪੈ ਰਿਹਾ ਸਗੋਂ ਪੂਰੇ ਪੰਜਾਬ ਨੂੰ ਇੱਕ ਦਿਨ ਇਸ ਦੀ ਮਾਰ ਝੱਲਣੀ ਪੈ ਸਕਦੀ ਹੈ।ਉਨ੍ਹਾਂ ਕਿਹਾ ਕਿ ਵਿਧਾਇਕ ਬਰਾੜ ਨੇ ਹਰ ਸਰਕਾਰੀ ਦਫਤਰ ਵਿੱਚ ਆਪਣੇ ਬੰਦੇ ਬਿਠਾਏ ਹੋਏ ਹਨ ਇਸ ਕਰਕੇ ਕਾਨੂੰਨ ਨਾਮ ਦੀਆਂ ਚਿੜ੍ਹੀਆਂ ਹਲਕੇ ਵਿੱਚੋਂ ਉੱਡ ਗਈਆ ਹਨ ਅਤੇ ਕਾਂਗਰਸੀ ਵਿਧਾਇਕ ਦਾ ਆਪਣਾ ਕਾਨੂੰਨੀ ਰਾਜ ਚੱਲ ਰਿਹਾ ਹੈ।ਇਸ ਕਰਕੇ ਹਲਕੇ ਦਾ ਹਰ ਵਰਗ ਵਿਧਾਇਕ ਤੋਂ ਦੁੱਖੀ ਹੈ ਤੇ ਲੋਕ ਆਉਣ ਵਾਲੇ ਮਾੜੇ ਸਮੇਂ ਸਬੰਧੀ ਭਵਿੱਖਬਾਣੀ ਕਰ ਰਹੇ ਹਨ।ਦੀਪਕ ਨੇ ਦੱਸਿਆ ਕਿ ਨੇਤਾ ਸੁਖਪਾਲ ਖਹਿਰਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਹਲਕਾ ਬਾਘਾਪੁਰਾਣਾ ਦੇ ਸਾਰੇ ਮੁੱਦੇ ਵਿਧਾਨ ਸਭਾ ਵਿੱਚ ਚੁੱਕਣਗੇ ਅਤੇ ਕਾਂਗਰਸੀ ਵਿਧਾਇਕ ਬਰਾੜ ਦੀਆਂ ਲੋਕ ਮਾਰੂ ਨੀਤੀਆਂ ਅਤੇ ਗੁੰਡਾਗਰਦੀ ਦਾ ਕਾਂਗਰਸ ਸਰਕਾਰ ਤੋਂ ਜਵਾਬ ਮੰਗਣਗੇ।