ਬੇਰੁਜ਼ਗਾਰ ਈ.ਟੀ.ਟੀ.ਟੈਟ ਪਾਸ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਦਾ ਫੂਕਿਆ ਪੁਤਲਾ

ਫਿਰੋਜ਼ਪੁਰ, 2 ਮਾਰਚ (ਪੰਕਜ ਕੁਮਾਰ)-ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਗੁਰੂਹਰਸਹਾਏ ਦੇ ਬੇਰੁਜ਼ਗਾਰ ਈ.ਟੀ.ਟੀ.ਟੈਟ ਪਾਸ ਅਧਿਆਪਕ ਯੂਨੀਅਨ ਬਲਾਕ ਗੁਰੂਹਰਸਹਾਏ ਦੇ ਵਰਕਰਾਂ ਵੱਲੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਆਪਣਾ ਰੋਸ ਜਾਹਰ ਕਰਦਿਆਂ ਹੋਲੀ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੁਤਲਾ ਨੌਜਵਾਨ ਬੇਰੁਜ਼ਗਾਰ ਈ.ਟੀ.ਟੀ.ਟੈਟ ਪਾਸ ਅਧਿਆਪਕਾਂ ਨੇ ਰੰਗ ਦੀ ਥਾਂ ਆਪਣੇ ਖੂਨ ਨਾਲ ਰੰਗ ਕੇ ਰੋਸ ਜਾਹਰ ਕਰਦਿਆਂ ਫੂਕਿਆ। ਇਸ ਪੁਤਲਾ ਫੂਕ ਪਰਦਰਸ਼ਨ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼ ਵੱਲੋਂ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਆਗੂਆਂ ਵੱਲੋਂ ਖੂਨ ਕੱਢਣ ਲਈ ਆਪਣੇ ਹੀ ਡਾਕਟਰਾਂ ਦਾ ਵਿਸ਼ੇਸ਼ ਹੀ ਪ੍ਰਬੰਧ ਕੀਤਾ ਹੋਇਆ ਸੀ। ਗੁਰੂਹਰਸਹਾਏ ਅੰਦਰ ਬਣੇ ਰੇਲਵੇ ਪਾਰਕ ਵਿਚ ਇਕੱਤਰ ਹੋਏ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਕੱਤਰ ਹੋਏ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕਰਨ ਲਈ ਯੂਨੀਅਨ ਦੇ ਸੂਬਾ ਚੇਅਰਮੈਨ ਲਾਲੀ ਜੀਵਾਂ ਅਰਾਈਂ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੰਨਾ  ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਰੜੇ ਹੱਥੀ ਲੈਂਦਿਆਂ ਆਪਣੇ ਸੰਬੋਧਨ ਵਿਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਾਰੇ ਲਾ ਕੇ ਗੁੰਮਰਾਹ ਕਰਦਿਆਂ ਸੂਬੇ ਪੰਜਾਬ ਵਿਚ ਆਪਣੀ ਸਰਕਾਰ ਬਣਾਈ ਹੈ। ਪਰ ਕਰੀਬ ਸਾਲ ਸਤਾ ਵਿਚ ਆਉਣ ਦਾ ਪੂਰਾ ਹੋਣ ਵਾਲਾ ਹੈ ਪਰ ਅਜੇ ਤੱਕ ਕਿਸੇ ਵੀ ਬੇਰੁਗਾਰ ਨੌਜਵਾਨ ਨੂੰ ਰੋਜ਼ਗਾਰ ਮੁਹੱਈਆਂ ਨਹੀਂ ਕਰਵਾ ਸਕੇ।  ਉਧਰ ਸੂਬਾ ਪ੍ਰਧਾਨ ਦੀਪਕ ਕੰਬੋਜ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਰਚ ਮਹੀਨੇ ਦੇ ਵਿਧਾਨ ਸਭਾ ਸੈਸ਼ਨ ਦੌਰਾਨ ਟੈਟ ਪਾਸ ਈ.ਟੀ.ਟੀ.ਅਧਿਆਪਕਾਂ ਦੀ ਭਰਤੀ ਹਰ ਹਾਲਤ ਵਿਚ ਹੋਣੀ ਚਾਹੀਦੀ ਹੈ, ਜਿਸ ਦਾ ਸਰਕਾਰ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ, ਉਨਾ  ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮਾਰਚ ਮਹੀਨੇ ਦੇ ਅੰਦਰ ਅੰਦਰ ਈ.ਟੀ.ਟੀ.ਟੈਟ ਪਾਸ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਤਾਂ ਅਪ੍ਰੈਲ ਮਹੀਨੇ ਵਿਚ ਯੂਨੀਅਨ ਵੱਲੋਂ ਠੋਸ ਫ਼ੈਸਲਾ ਲੈਂਦਿਆਂ ਪੱਕਾ ਧਰਨਾ ਦੇ ਕੇ ਨਾਲ ਨਾਲ ਕਈ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਯੂਨੀਅਨ ਵੱਲੋਂ ਆਰ-ਪਾਰ ਦੀ ਲੜਾਈ ਵਿੱਢੀ ਜਾਵੇਗੀ, ਜਿਸ ਦੀ ਸਾਰੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।