ਮੋਦੀ ਹੋਛੀਆਂ ਟਿੱਪਣੀਆਂ ਨਾਲ ਮੇਰੇ ਅਤੇ ਹਾਈ ਕਮਾਂਡ ਦਰਮਿਆਨ ਪਾੜਾ ਨਹੀਂ ਪਾ ਸਕਦਾ-ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 3 ਮਾਰਚ (ਜਸ਼ਨ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਦੀਆਂ ਇਹ ਟਿੱਪਣੀਆਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਛੇ ਤੇ ਆਧਾਰਹੀਣ ਬਿਆਨਾਂ ਰਾਹੀਂ ਉਨ੍ਹਾਂ ਅਤੇ ਕਾਂਗਰਸ ਹਾਈ ਕਮਾਂਡ ਦਰਮਿਆਨ ਪਾੜਾ ਪਾਉਣ ਲਈ ਕੀਤੀਆਂ ਜਾ ਰਹੇ ਬੇਤੁੱਕੇ ਯਤਨਾਂ ਦਾ ਹਿੱਸਾ ਹੈ।
          ਸ੍ਰੀ ਮੋਦੀ ਨੂੰ ‘ਸੂਚਨਾ’ ਦੇ ਸਰੋਤ ਬਾਰੇ ਸੁਆਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਅੰਗ ਕਸਦਿਆਂ,‘‘ਮੈਨੂੰ ਤਾਂ ਇਹ ਯਾਦ ਨਹੀਂ ਕਿ ਕਾਂਗਰਸ ਹਾਈ ਕਮਾਂਡ ਵਿਰੁੱਧ ਉਨ੍ਹਾਂ ਨੂੰ ਸ਼ਿਕਾਇਤ ਕਦੋਂ ਕੀਤੀ ਸੀ। ਕੀ ਹਾਈ ਕਮਾਂਡ ਨੇ ਉਨ੍ਹਾਂ ਕੋਲ ਜਾ ਕੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ ਸੀ?’’ 
        ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਹਰੇਕ ਇਹ ਸਮਝਣ ਵਿੱਚ ਨਾਕਾਮ ਹੈ ਕਿ ਸ੍ਰੀ ਮੋਦੀ ਨੂੰ ਇਸ ਬੇਬੁਨਿਆਦ ਟਿੱਪਣੀ ਲਈ ਕਿਸ ਨੇ ਪ੍ਰੇਰਿਆ? ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਅੰਦਰੂਨੀ ਕੰਮਕਾਜ ਨੂੰ ਕਿਵੇਂ ਚਲਾਉਣਾ ਹੈ, ਇਸ ਲਈ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਕਾਂਗਰਸ ਹਾਈ ਕਮਾਂਡ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਦੀ ਲੋੜ ਹੈ।
        ਮੁੱਖ ਮੰਤਰੀ ਨੇ ਕਿਹਾ , ‘‘ਮੈਨੂੰ ਪਤਾ ਹੈ ਕਿ ਮੈਂ ਆਪਣਾ ਕੰਮ ਕਿਵੇਂ ਕਰਨਾ ਹੈ ਅਤੇ ਕਿਸ ਤਰ੍ਹਾਂ ਮੇਰੇ ਸੂਬੇ ਦਾ ਸ਼ਾਸਨ ਚਲਾਉਣਾ ਅਤੇ ਮੈਂ ਪਾਰਟੀ ਹਾਈ ਕਮਾਂਡ ਨਾਲ ਰਿਸ਼ਤੇ ਕਿਵੇਂ ਨਿਭਾਉਣੇ ਹਨ ਜੋ ਭਾਜਪਾ ਨੇਤਾਵਾਂ ਨਾਲੋਂ ਵੱਧ ਹਨ।’’ ਉਨ੍ਹਾਂ ਕਿਹਾ ਕਿ ਕਾਂਗਰਸੀ ਹਾਈ ਕਮਾਂਡ ਨੂੰ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਪੂਰਾ ਭਰੋਸਾ ਹੈ ਅਤੇ ਸੂਬੇ ਨੂੰ ਮੁੜ ਲੀਹ ’ਤੇ ਲਿਆਉਣ ਲਈ ਪਾਰਟੀ ਨੇ ਖੁੱਲ੍ਹਾ ਹੱਥ ਦਿੱਤਾ ਹੋਇਆ ਹੈ ਜਿਸ ਦਾ ਭਾਜਪਾ ਦੇ ਗੱਠਜੋੜ ਵਾਲੀ ਅਕਾਲੀ ਸਰਕਾਰ ਨੇ ਰੱਜ ਕੇ ਘਾਣ ਕੀਤਾ ਸੀ।
        ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਹਰੇਕ ਸੂਬੇ ਦੇ ਲੋਕਾਂ ਨਾਲ ਨੇੜਿਓਂ ਜੁੜੀ ਹੋਈ ਹੈ ਅਤੇ ਉਹ ਇਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਸੱਚੀ-ਸੁੱਚੀ ਭਾਵਨਾ ਨਾਲ ਉਹ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਕਰ ਰਹੇ ਹਨ।  
        ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਮੋਦੀ ਦੇ ਵਿਸ਼ਵਾਸ ਦੇ ਉਲਟ ਕਾਂਗਰਸ ਰਾਤੋ-ਰਾਤ ਹੋਂਦ ਵਿੱਚ ਆਈ ਪਾਰਟੀ ਨਹੀਂ ਹੈ ਜਿਸ ਨੂੰ ਉਹ ਪਾਸੇ ਕਰਨ ਦੀ ਇੱਛਾ ਰੱਖਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
        ਮੁੱਖ ਮੰਤਰੀ ਨੇ ਐਲਾਨ ਕੀਤਾ ,‘‘ ਮੈਂ ਨਿੱਜੀ ਤੌਰ ’ਤੇ ਇਸ ਚੋਣ ਜੰਗ ਨੂੰ ਸਿੱਟੇ ’ਤੇ ਲਿਜਾਣ ਲਈ ਤਿਆਰ ਹਾਂ। ’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ‘ਜੁਮਲੇਬਾਜ਼ੀ’ ਦਾ ਨਾ ਤਾਂ ਕਾਂਗਰਸ ਲੀਡਰਸ਼ਿਪ ਤੇ ਵਰਕਰਾਂ ’ਤੇ ਕੋਈ ਅਸਰ ਹੈ ਅਤੇ ਨਾ ਹੀ ਇਸ ਦਾ ਦੇਸ਼ ਦੇ ਨਾਗਰਿਕਾਂ ’ਤੇ ਅਸਰ ਹੈ।ਜ਼ਿਕਰਯੋਗ ਹੈ ਕਿ ਅੱਜ ਉੱਤਰ ਪੂਰਬੀ ਰਾਜਾਂ ਵਿਚ ਭਾਜਪਾ ਦੇ ਹੱਕ ਵਿਚ ਆਏ ਨਤੀਜਿਆਂ ਤੋਂ ਉਤਸ਼ਹਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਲੀ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਬੰਧਾਂ ਵੱਲ ਇਸ਼ਾਰਾ ਕਰਦਿਆਂ ਆਖਿਆ ਸੀ ਕਿ  ‘ਨਾ ਉੱਪਰ ਵਾਲੇ ਉਨਕੋ ਆਪਣਾ ਮਾਨਤੇ ਹੈਂ ਔਰ ਨਾ ਹੀ ਕੈਪਟਨ ਉਨਕੋ ਆਪਣਾ ਮਾਨਤੇ ਹੈਂ, “  “ ਵੋ ਤੋਂ ਸੁਤੰਤਰ ਫੌਜੀ ਹੈਂ .“  
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ