ਮੁੱਖ ਮੰਤਰੀ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਰਾਸ਼ਟਰ ਨੂੰ ਸਮਰਪਿਤ,ਤੀਜੇ ਪੜਾਅ ਲਈ 25 ਕਰੋੜ ਰੁਪਏ ਦੇਣ ਦਾ ਐਲਾਨ

ਕਰਤਾਰਪੁਰ/ਚੰਡੀਗੜ, (ਜਲੰਧਰ), 6 ਮਾਰਚ (ਪੱਤਰ ਪਰੇਰਕ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ  ਇੱਥੇ ਵਿਸ਼ਵ ਪੱਧਰੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਪੜਾਅ ਨੂੰ ਰਾਸ਼ਟਰ  ਨੂੰ ਸਮਰਪਿਤ ਕਰਦਿਆਂ ਅਗਾਮੀ ਬਜਟ ਵਿਚ ਯਾਦਗਾਰ ਦੇ  ਤੀਜੇ ਪੜਾਅ ਨੂੰ ਮੁਕੰਮਲ ਕਰਨ  ਲਈ 25 ਕਰੋੜ ਰੁਪੈ ਦਾ ਉਪਬੰਧ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਯਾਦਗਾਰ ਦੇ ਪਹਿਲੇ ਪੜਾਅ ਦੇ ਨਿਰਮਾਣ ਲਈ ਬਕਾਇਆ 9.5 ਕਰੋੜ ਰੁਪੈ ਦੀ ਰਾਸ਼ੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਅਜੀਤ ਅਖਬਾਰ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਵਾਲੀ ਟੀਮ ਨੂੰ ਇਸ ਵਿਲੱਖਣ ਸੰਕਲਪ ਨੂੰ ਮੂਰਤੀਮਾਨ ਕਰਨ ਲਈ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਉਪਰਾਲੇ  ਦੀ ਭਰਵੀਂ ਸ਼ਲਾਘਾ ਕੀਤੀ ਜੋ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਭਾਰਤੀ ਆਜਾਦੀ ਸੰਘਰਸ਼ ਦੇ ਅਡੋਲ ਜ਼ਜ਼ਬੇ ਬਾਰੇ  ਪ੍ਰੇਰਿਤ ਕਰਦਾ ਰਹੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਅਤੇ ਅੰਮਿ੍ਰਤਸਰ ਵਿਖੇ ਜੰਗੀ ਯਾਦਗਾਰ ਦੇ ਦੋ ਮਾਣਮੱਤੇ ਪ੍ਰਾਜੈਕਟ ਸੂਬੇ ਨੂੰ ਦੇਣ ਲਈ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਿ੍ਰਸ਼ਟੀਕੋਟ ਦੀ ਵੀ ਪ੍ਰਸ਼ੰਸ਼ਾ ਕੀਤੀ। ਮੁੱਖ ਮੰਤਰੀ ਨੇ ਉੱਘੇ ਇਤਿਹਾਸਕਾਰ ਡਾ. ਕਿ੍ਰਪਾਲ ਸਿੰਘ ਤੋਂ ਇਲਾਵਾ ਡਾ. ਗਰੇਵਾਲ , ਡਾ. ਜਸਪਾਲ ਸਿੰਘ, ਪ੍ਰੋ. ਪਿ੍ਰਥੀਪਾਲ ਸਿੰਘ, ਡਾ. ਟੁਟੇਜਾ ਤੇ ਡਾ. ਹਰੀਸ਼ ਸ਼ਰਮਾ ’ਤੇ ਅਧਾਰਿਤ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਸਰਕਾਰ ਇਸ ਯਾਦਗਾਰ ਦੇ ਅਗਲੇ ਪੜਾਅ ਨੂੰ ਮੁਕੰਮਲ ਕਰਨ ਲਈ ਪੂਰੀ ਮਦਦ ਤੇ ਸਹਿਯੋਗ ਦੇਵੇਗੀ ਕਿਉਂ ਜੋ ਇਹ ਯਾਦਗਾਰ ਸਦੀਵੀ ਤੌਰ ’ਤੇ ਅਜਾਦੀ ਸੰਘਰਸ਼ ਵਿਚ ਸ਼ਹੀਦ ਹੋਏ ਹਜ਼ਾਰਾਂ ਪੰਜਾਬੀਆਂ ਲਈ ਸਤਿਕਾਰ ਤੇ ਪ੍ਰੇਮ ਦਾ ਪ੍ਰਤੀਕ ਬਣੀ ਰਹੇਗੀ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਯਾਦਗਾਰੀ ਕਮੇਟੀ ਨੂੰ ਸਾਰੇ ਅਜਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਇਹ ਯਾਦਗਾਰ ਦੇਖਣ ਲਈ ਦਾਖਲਾ ਮੁਫਤ ਕਰਨ ਦੀ ਹਦਾਇਤ ਵੀ ਕੀਤੀ। ਇਸ ਦੇ ਨਾਲ ਹੀ ਉਨਾਂ ਨੇ ਕਮੇਟੀ ਨੂੰ ਇਸ ਯਾਦਗਾਰ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਉਣ ਲਈ ਟੂਰ ਗਾਇਡ ਵੀ ਤਾਇਨਾਤ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਰਾਸ਼ਟਰ  ਲਈ ਨਿਸ਼ਕਾਮ ਸੇਵਾ ਕਰਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਪੰਜਾਬ  ਦੇ ਸਾਰੇ ਆਜਾਦੀ ਘੁਲਾਟੀਆਂ ਦੇ ਨਾਮ ਇਸ ਯਾਦਗਾਰ ’ਤੇ ਉਕਰੇ ਜਾਣ। ਕੁਝ ਸਾਲ ਪਹਿਲਾਂ ਦੇਸ਼ ਵਿਚ ਸੁਨਾਮੀ ਆਉਣ ਉਪਰੰਤ ਅੰਡੇਮਾਨ ਤੇ ਨਿਕੋਬਾਰ ਦੇ ਟਾਪੂਆਂ ਦੇ ਮੁੜ ਵਸੇਬੇ ਦੇ ਕਾਰਜਾਂ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਉੱਥੇ ਸ਼ਹੀਦਾਂ ਦੇ ਨਾਮ ਪੜਕੇ ਭਾਵੁਕ ਹੋ ਉੱਠੇ ਅਤੇ ਇਨਾਂ  ਵਿਚ ਹਜ਼ਾਰਾਂ ਨਾਮ ਪੰਜਾਬੀਆਂ ਦੇ ਸਨ ਜਿਨਾਂ ਨੇ ਪੋਰਟ ਬਲੇਅਰ ਜੇਲ ਵਿਚ ਲਾਸਾਨੀ ਕੁਰਬਾਨੀਆਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਨਵੀਂ ਪੀੜੀ ਵਿਚ ਦੇਸ਼ ਭਗਤੀ ਦੀ ਚਿਣਗ ਬਾਲੇਗੀ । ਉਨਾਂ ਨੇ ਆਪਣੇ ਨਾਨਾ ਹਰਚਰਨ ਸਿੰਘ ਜੇਜੀ ਦੀ ਪਰਜਾ ਮੰਡਲ ਲਹਿਰ ਦੇ ਮੋਢੀ ਸ. ਸੇਵਾ ਸਿੰਘ ਠੀਕਰੀਵਾਲਾ ਨਾਲ ਨੇੜਤਾ ਨੂੰ ਵੀ ਚੇਤੇ ਕੀਤਾ ਜੋ ਉਨਾਂ ਨੂੰ ਅੱਜ ਤੱਕ ਪ੍ਰੇਰਿਤ ਕਰਦੀ ਰਹੀ ਹੈ।ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਮੁੱੱਖ ਮੰਤਰੀ ਨੂੰ  ਅਪੀਲ ਕੀਤੀ ਕਿ ਸਕੂਲੀ ਵਿਦਿਆਰਥੀਆਂ ਨੂੰ ਇਸ ਯਾਦਗਾਰ ਤੇ ਅਜਿਹੀਆਂ ਹੋਰ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਵਾਉਣ ਲਈ ਸਿੱਖਿਆ ਵਿਭਾਗ ਨੂੰ ਹਦਾਇਤਾਂ ਜਾਰੀ ਕਰਨ ਤਾਂ ਜੋ ਉਨਾਂ ਅੰਦਰ ਦੇਸ਼ ਭਗਤੀ ਦੇ ਜ਼ਜ਼ਬੇ ਨੂੰ  ਪੈਦਾ ਕੀਤਾ ਜਾ ਸਕੇ। ਸ਼੍ਰੀ ਜਾਖੜ ਨੇ ਕਿਹਾ ਕਿ ਅਜਾਦੀ ਘੁਲਾਟੀਏ ਨਾਂ ਤਾਂ ਕਿਸੇ ਸਿਆਸੀ ਪਾਰਟੀ ਨਾਲ ਬੱਝੇ ਹਨ ਤੇ ਨਾ ਹੀ  ਉਨਾਂ  ਨੂੰ ਕਿਸੇ ਜਾਤ ਤੇ ਧਰਮ ਦੀਆਂ ਸੰਕੀਰਨ ਵਲਗਣਾਂ ਵਿਚ ਬੰਨਿਆ ਜਾ ਸਕਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨਾਂ ਸਿਆਸੀ ਪਾਰਟੀਆਂ ਦੇ ਚੁੰਗਲ ਤੋਂ ਬਚਣ ਜੋ ਕਿ ਉਨਾਂ  ਨੂੰ ਕੇਵਲ ਵੋਟਰ ਵਜੋਂ ਹੀ ਵਰਤਦੀਆਂ ਹਨ। ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ  ਜੰਗ-ਏ-ਅਜਾਦੀ ਯਾਦਗਾਰ ਨਵੀਂ ਪੀੜੀ ਨੂੰ ਆਪਣੇ ਮਾਣਮੱਤੇ ਤੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਪੁਲ ਦਾ ਕੰਮ ਕਰੇਗੀ। ਉਨਾਂ ਕਿਹਾ ਕਿ ਇਹ ਯਾਦਗਾਰ ਇੱਟਾਂ ਤੇ ਕੰਕਰੀਟ ਦੀ ਬਣੀ ਇਮਾਰਤ ਹੀ ਨਹੀਂ ਸਗੋਂ ਇਕ ਵਿਚਾਰਧਾਰਾ ਦਾ ਪ੍ਰਤੀਕ ਹੈ, ਜੋ ਸਾਡੇ ਮਹਾਨ ਸ਼ਹੀਦਾਂ ਤੇ ਆਜਾਦੀ ਘੁਲਾਟੀਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਰੂਪਮਾਨ ਕਰਦੀ ਹੈ। ਸ੍ਰੀ ਸਿੱਧੂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਮਦਨ ਮੋਹਨ ਮਾਲਵੀਆ ਤੇ ਰਾਮ  ਪ੍ਰਸ਼ਾਦ ਬਿਸਮਲ ਵਰਗੇ ਸੂਰਬੀਰਾਂ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਲਈ ਇਸਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਵਿਚ ਸਿੱਖਿਆ ਮੰਤਰੀ ਨੂੰ ਹਦਾਇਤ ਜਾਰੀ ਕਰਨ। ਇਸ ਉੱਦਮ ਨਾਲ ਨੌਜਵਾਨਾਂ ਵਿਚ ਕੌਮੀਅਤ ਅਤੇ ਦੇਸ਼ ਪਿਆਰ ਦੀ ਭਾਵਨਾ ਉਤਪੰਨ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਇਹ  ਯਾਦਗਾਰ ਪੰਜਾਬੀਆਂ ਦੇ 100 ਸਾਲ ਦੇ ਸੰਘਰਸ਼ ਨੂੰ ਮੂਰਤੀਮਾਨ ਕਰਦੀ ਹੈ। ਉਨਾਂ ਦੱਸਿਆ ਕਿ ਦੂਜੇ ਪੜਾਅ ਵਿਚ 6 ਗੈਲਰੀਆਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ ਗਈਆਂ ਹਨ।  

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਸਲਾਹਕਾਰ ਬੀ. ਆਈ. ਐਸ. ਚਾਹਲ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਾਣਾ ਗੁਰਜੀਤ ਸਿੰਘ, ਕੁਲਜੀਤ ਸਿੰਘ ਨਾਗਰਾ, ਨਵਤੇਜ ਸਿੰਘ ਚੀਮਾ, ਰਜਨੀਸ਼ ਬੱਬੀ, ਰਮਨਜੀਤ ਸਿੰਘ ਸਿੱਕੀ, ਹਰਮਿੰਦਰ ਸਿੰਘ ਗਿੱਲ, ਡਾ. ਰਾਜ ਕੁਮਾਰ ਚੱਬੇਵਾਲ, ਰਜਿੰਦਰ ਬੇਰੀ, ਪਰਗਟ ਸਿੰਘ, ਬਾਵਾ ਹੈਨਰੀ, ਚੌਧਰੀ ਸੁਰਿੰਦਰ ਸਿੰਘ, ਸੁਸ਼ੀਲ ਰਿੰਕੂ, ਸੰਗਤ ਸਿੰਘ ਗਿਲਜਿਆਂ, ਅੰਗਦ ਸਿੰਘ, ਦਰਸ਼ਨ ਲਾਲ ਤੇ ਸੰਤੋਖ ਸਿੰਘ ਭਲਾਈਪੁਰ, ਮਾਰਕਫੈੱਡ ਦੇ ਐਮ.ਡੀ. ਅਮਰਜੀਤ ਸਿੰਘ ਸਮਰਾ, ਸਾਬਕਾ ਮੰਤਰੀ ਅਵਤਾਰ ਹੈਨਰੀ, ਮਹਿੰਦਰ ਸਿੰਘ ਕੇ. ਪੀ, ਜੋਗਿੰਦਰ ਸਿੰਘ ਮਾਨ, ਸਰਵਣ ਸਿੰਘ ਫਿਲੌਰ, ਸਾਬਕਾ ਲੈਫਟੀਨੈਂਟ ਗਵਰਨਰ ਇਕਬਾਲ ਸਿੰਘ,  ਕਾਂਗਰਸ ਦੇ ਜਲੰਧਰ ਦਿਹਾਤੀ ਦੇ  ਜਿਲਾ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ, ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਪ੍ਰਮੁੱਖ ਸਕੱਤਰ ਸੈਰ ਸਪਾਟਾ ਵਿਕਾਸ ਪ੍ਰਤਾਪ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਮੁੱਖ ਕਾਰਜਕਾਰੀ ਅਧਿਕਾਰੀ ਜੰਗ-ਏ-ਆਜ਼ਾਦੀ ਫਾਊਡੇਸ਼ਨ ਵਿਨੇ ਬੁਬਲਾਨੀ ਵੀ ਮੌਜੂਦ ਸਨ।