ਵਿਧਾਇਕ ਨੇ ਨਜਾਇਜ਼ ਰੇਤਾ ਲੈ ਕੇ ਆ ਰਹੀਆਂ ਟਰਾਲੀਆਂ ਫੜ ਕੇ ਦਿੱਤੀਆਂ ਥਾਣੇ

ਫਿਰੋਜ਼ਪੁਰ 6 ਮਾਰਚ, (ਪੰਕਜ ਕੁਮਾਰ) ਇਲਾਕੇ ਵਿਚ ਰੇਤ ਦੀ ਨਜਾਇਜ਼ ਨਿਕਾਸੀ ਕਰਨ ਵਾਲਿਆਂ ਤੇ ਸਖਤੀ ਨਾਲ ਪੇਸ਼ ਆਉਂਦਿਆਂ ਮੰਗਲਵਾਰ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫਿਰੋਜ਼ਪੁਰ-ਮੱਲਾਂਵਾਲਾ ਰੋਡ ਤੇ ਆ ਰਹੀਆਂ ਰੇਤ ਦੀਆਂ ਪੰਜ ਟਰਾਲੀਆਂ ਨੂੰ ਫੜ ਕੇ ਥਾਣਾ ਆਰਿਫ-ਕੇ ਵਿਚ ਬੰਦ ਕਰਵਾ ਦਿੱਤਾ। ਉਨਾਂ ਡੀ ਐਸ ਪੀ ਸਿਟੀ , ਆਰਿਫ-ਕੇ ਚੌਂਕੀ ਪੁਲਿਸ ਅਧਿਕਾਰੀ ਮੋਹਿਤ ਧਵਨ ਨੂੰ ਮੌਕੇ ਤੇ ਬੁਲਾ ਕੇ ਪਰਚਾ ਦਰਜ ਕਰਨ ਦੇ ਨਾਲ ਨਾਲ ਪੁਲਸ ਅਧਿਕਾਰੀਆਂ ਨੂੰ ਸਖਤੀ ਨਾਲ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਉਨਾਂ ਦੇ ਵਿਧਾਨਸਭਾ ਖੇਤਰ ਵਿਚ ਨਜਾਇਜ਼ ਨਿਕਾਸੀ ਹੋਈ ਤਾਂ ਉਹ ਸਖਤ ਕਾਰਵਾਈ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਣਗੇ। ਪਿੰਕੀ ਨੇ ਕਿਹਾ ਕਿ ਚਾਹੇ ਕੋਈ ਕਿੰਨੇ ਵੀ ਵੱਡੇ ਅਹੁਦੇ ਤੇ ਕਿਉਂ ਨਾ ਬੈਠਾ ਹੋਵੇ, ਉਸ ਨੂੰ ਨਜਾਇਜ਼ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਖੜੀਆਂ ਤੇ ਜੇ.ਸੀ.ਬੀ. ਤੇ ਪੋਕਲਾਇਨ ਮਸ਼ੀਨਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ । ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੱਡਾਂ ਤੇ 10 ਫੁੱਟ ਤੱਕ ਕਹੀਆਂ ਨਾਲ ਰੇਤ ਟਰਾਲੀਆਂ ਵਿਚ ਭਰ ਕੇ ਵੇਚੀ ਜਾ ਸਕਦੀ ਹੈ। ਪਿੰਕੀ ਨੇ ਕਿਹਾ ਕਿ ਉਨਾਂ ਕੋਲ ਜ਼ਿਲੇ ਵਿਚ ਜਿਨੇ ਵੀ ਠੇਕੇਦਾਰਾਂ ਨੂੰ ਸਰਕਾਰ ਵੱਲੋਂ ਖੱਡਾਂ ਅਲਾਟ ਹੋਈਆਂ ਹਨ, ਉਹਨਾਂ ਦੀ ਪੂਰੀ ਡਿਟੇਲ, ਨਕਸ਼ੇ, ਖਸਰਾ ਨੰਬਰ ਸਣੇ ਉਨਾਂ ਕੋਲ ਹੈ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਭੁੱਲ ਨਾ ਕਰ ਬੈਠੇ ਕਿ ਉਹ ਨਜਾਇਜ਼ ਨਿਕਾਸੀ ਕਰਕੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਅਦੂਲੀ ਕਰੇ। ਇਸ ਮੌਕੇ ਉਨਾਂ ਨਾਲ ਬਲਾਕ ਪ੍ਰਧਾਨ ਰਿੰਕੂ ਗਰੋਵਰ, ਪਰਮਿੰਦਰ ਸਿੰਘ ਹਾਂਡਾ, ਬੋਹੜ ਸਿੰਘ, ਸੁਖਜਿੰਦਰ ਸਿੰਘ ਤੇ ਹੋਰ ਕਾਂਗਰਸੀ ਆਗੂ ਸਨ।


