ਲੋਕ ਗੀਤਾਂ ਨੂੰ ਸਰੋਤਿਆਂ ਦੇ ਨਿੱਘੇ ਹੁੰਗਾਰੇ ਅਤੇ ਪ੍ਰਤਿਭਾਵਾਨ ਕਲਾਕਾਰਾਂ ਦੀ ਉਡੀਕ :ਡਾ.ਸੁਖਵਿੰਦਰ ਕੌਰ

ਮੋਗਾ,6 ਮਾਰਚ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਬੁਲੰਦੀਆਂ ਨੂੰ ਛੋਹਣ ਵਾਲੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਸੰਗੀਤ ਵਿਭਾਗ ਦੁਆਰਾ ਪੰਜਾਬੀ ਗੀਤ ਅਤੇ ਲੋਕ ਗੀਤ ਮੁਕਾਬਲੇ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਹਨਾਂ ਮੁਕਾਬਲਿਆਂ ਵਿੱਚ ਹਰ ਵਿਭਾਗ ਦੀਆਂ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਦੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ। ਕਲਾਕਾਰ ਵਿਦਿਆਰਥਣਾਂ ਨੇ ਆਪਣੇ ਸੁਰਾਂ, ਆਵਾਜ਼ ਅਤੇ ਤਾਲ ਨਾਲ ਸਰੋਤਿਆਂ ਨੂੰ ਕੀਲਿਆ। ਮੁਕਾਬਲਿਆਂ ਵਿੱਚ ਪਹਿਲਾ ਸਥਾਨ ਰਮਜ਼ਾਨ ਬੀਬੀ ਬੀ.ਏ. ਭਾਗ ਦੂਜਾ ਨੇ ਹਾਸਿਲ ਕੀਤਾ ਜਦਕਿ ਦੂਜਾ ਅਤੇ ਤੀਜਾ ਸਥਾਨ ਲੜੀਵਾਰ ਰਾਜਦੀਪ ਕੌਰ ਬੀ.ਏ. ਭਾਗ ਤੀਜਾ ਅਤੇ ਪਵਨਪ੍ਰੀਤ ਕੌਰ ਬੀ.ਐੱਸ.ਸੀ. ਭਾਗ ਪਹਿਲਾ ਮੈਡੀਕਲ ਨੇ ਹਾਸਿਲ ਕੀਤਾ। ਲਵਪ੍ਰੀਤ ਕੌਰ ਐਮ.ਏ. ਭਾਗ ਦੂਜਾ ਅੰਗਰੇਜ਼ੀ ਅਤੇ ਮਨੀਸ਼ਾ ਰਾਣੀ ਬੀ.ਏ. ਭਾਗ ਤੀਜਾ ਨੂੰ ਉਤਸ਼ਾਹ ਵਧਾਊ ਇਨਾਮ ਦਿੱਤੇ ਗਏ। ਉਤਸ਼ਾਹ ਬਰਕਰਾਰ ਰੱਖਣ ਹਿੱਤ ਹਰੇਕ ਪ੍ਰਤੀਯੋਗੀ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਨੇ ਇਸ ਮੁਕਾਬਲੇ ਦੇ ਆਯੋਜਕ ਮੈਡਮ ਰਵਨੀਤ ਕੌਰ ਮੁਖੀ, ਸੰਗੀਤ ਵਿਭਾਗ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਸਭਿਆਚਾਰਕ ਗੀਤਾਂ ਅਤੇ ਲੋਕ ਗੀਤਾਂ ਦੀ ਥਾਂ ਬਰਕਰਾਰ ਰਹੇਗੀ, ਜਦੋਂ ਤੱਕ ਸਰੋਤਿਆਂ ਦੇ ਨਿੱਘੇ ਹੁੰਗਾਰੇ ਅਤੇ ਪ੍ਰਤਿਭਾਵਾਨ ਵਿਦਿਆਰਥਣਾਂ ਦਾ ਅਮੁੱਲ ਸਹਿਯੋਗ ਮਿਲਦਾ ਰਹੇਗਾ। ਜੇਤੂ ਵਿਦਿਆਰਥਣਾਂ ਦੀ ਚੋਣ ਮੈਡਮ ਗੁਰਜੀਤ ਕੌਰ, ਉੱਪ-ਪਿੰ੍ਰਸੀਪਲ, ਮੈਡਮ ਸਤਵਿੰਦਰ ਕੌਰ, ਮੁਖੀ ਇਤਿਹਾਸ ਵਿਭਾਗ ਅਤੇ ਮੈਡਮ ਊਸ਼ਾ, ਮੁਖੀ ਫਾਈਨ ਆਰਟਸ ਵਿਭਾਗ ਦੁਆਰਾ ਕੀਤੀ ਗਈ। ਇਸ ਰੰਗੀਨ ਮਾਹੌਲ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਦੇ ਨਾਲ ਕਾਲਜ ਦਾ ਸਮੱੁਚਾ ਸਟਾਫ਼ ਅਤੇ ਸਾਰੀਆਂ ਵਿਦਿਆਰਥਣਾਂ ਮੌਜੂਦ ਸਨ। ਪ੍ਰੋਗਾਮ ਨੂੰ ਲੜੀ ਵਿੱਚ ਪਰੋਣ ਦੀ ਭੂਮਿਕਾ ਮੈਡਮ ਗੁਰਮੀਤ ਗੀਤਾ, ਸੰਗੀਤ ਵਿਭਾਗ ਦੇ ਨਾਲ ਵਿਦਿਆਰਥਣ ਰਾਜਦੀਪ ਅਤੇ ਮਨੀਸ਼ਾ ਨੇ ਨਿਭਾਈ।


