ਪੇਡਾ ਵੱਲੋਂ ਊਰਜਾ ਦੀ ਬੱਚਤ ਸਬੰਧੀ ਇੱਕ ਰੋਜ਼ਾ ਟ੍ਰੇਨਿੰਗ ਸੈਮੀਨਾਰ ਲਗਾਇਆ ਗਿਆ


ਮੋਗਾ,7 ਮਾਰਚ (ਜਸ਼ਨ)-ਡਿਪਟੀ ਕਮਿਸ਼ਨਰ ਸ੍ਰ. ਦਿਲਰਾਜ ਸਿੰਘ ਆਈ.ਏ.ਐੱਸ. ਦੀਆਂ ਹਦਾਇਤਾਂ ਅਨੁਸਾਰ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋ ਸਥਾਨਕ ਬਿੱਗ ਬਿੱਨ ਵਿਖੇ ਊਰਜਾ ਦੀ ਬੱਚਤ ਸਬੰਧੀ ਇੱਕ ਰੋਜ਼ਾ ਟ੍ਰੇਨਿੰਗ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਪੇਡਾ ਦੇ ਜ਼ਿਲਾ ਮੈਨੇਜਰ ਅਨੁਪਮ ਨੰਦਾ ਨੇ ਕੀਤੀ। ਇਸ ਸੈਮੀਨਾਰ ਵਿੱਚ ਨਗਰ ਨਿਗਮ, ਲੋਕ ਨਿਰਮਾਣ ਵਿਭਾਗ, ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ/ਕ੍ਰਮਚਾਰੀਆਂ ਅਤੇ ਆਰਕੀਟੈਕਟਾਂ ਨੂੰ ਨਵੀਆਂ ਇਮਾਰਤਾਂ ਦੀ ਉਸਾਰੀ ਸਮੇ ਘੱਟ ਊਰਜਾ ਦਾ ਇਸਤੇਮਾਲ ਕਰਕੇ ਵੱਧ ਤੋ ਵੱਧ ਲਾਭ ਲੈਣ ਬਾਰੇ ਸਿਖਲਾਈ ਦਿੱਤੀ ਗਈ। ਇਸ ਮੌਕੇ ਜ਼ਿਲਾ ਮੈਨੇਜਰ ਅਨੁਪਮ ਨੰਦਾ ਨੇ ਦੱਸਿਆ ਕਿ ਇਮਾਰਤਾਂ ਦੀ ਉਸਾਰੀ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਅਤੇ ਇਮਾਰਤਾਂ ਦੀ ਉਸਾਰੀ ਸਮੇ ਲੋਕਾਂ ਵੱਲੋ ਇਨਾਂ ਵਿੱਚ ਨਵੇ ਕਿਸਮ ਦੇ ਉਪਕਰਨ ਲਗਾਉਣ ਨਾਲ ਕੇਵਲ ਸਾਡੀ ਊਰਜਾ ਦੀ ਹੀ ਬੱਚਤ ਨਹੀ ਹੁੰਦੀ, ਬਲਕਿ ਸਾਡੀਆਂ ਵੱਧਦੀਆਂ ਲੋੜਾਂ ਦੀ ਘੱਟ ਖਰਚੇ ਨਾਲ ਜਿਆਦਾ ਪੂਰਤੀ ਹੋ ਸਕਦੀ ਹੈ। ਉਨਾਂ ਦੱਸਿਆ ਕਿ ਸਾਨੂੰ ਬਿਜਲੀ ਦੀ ਵੱਧ ਤੋ ਵੱਧ ਬੱਚਤ ਅਤੇ ਇਸਦਾ ਸਦ-ਉਪਯੋਗ ਕਰਨਾ ਚਾਹੀਦਾ ਹੈ ਅਤੇ ਊਰਜਾ ਦਾ ਆਪਣੇ ਤੌਰ ‘ਤੇ ਉਤਪਾਦਨ ਕਰਨਾ ਸਮੇ ਦੀ ਮੁੱਖ ਲੋੜ ਹੈ। ਉਨਾਂ ਦੱਸਿਆ ਕਿ ਜਦੋ ਤੱਕ ਉਪਰਲੇ ਪੱਧਰ ‘ਤੇ ਸਮਰੱਥ ਅਧਿਕਾਰੀਆਂ ਨੂੰ ਊਰਜਾ ਦੀ ਬੱਚਤ ਬਾਰੇ ਜਾਣਕਾਰੀ ਨਹੀ ਹੋਵੇਗੀ, ਤਦ ਤੱਕ ਇਸਦਾ ਲਾਭ ਆਮ ਲੋਕਾਂ ਤੱਕ ਨਹੀ ਪਹੁੰਚ ਸਕਦਾ। ਉਨਾਂ ਦੱਸਿਆ ਕਿ ਇਸ ਮੰਤਵ ਲਈ ਪੰਜਾਬ ਊਰਜਾ ਵਿਕਾਸ ਏਂਜੰਸੀ ਵੱਲੋ ਸਮੇ ਸਮੇ ਸਿਰ ਟ੍ਰੇਨਿੰਗ ਸੈਮੀਨਾਰ ਆਯੋਜਿਤ ਕਰਕੇ ਲੋਕਾਂ ਨੂੰ ਊਰਜਾ ਦੀ ਬੱਚਤ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਐਨਰਜੀ ਕਨਜ਼ੰਮਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ). ਲਾਗੂ ਕਰਨ ਨਾਲ ਇਮਾਰਤਾਂ ਵਿੱਚ ਊਰਜਾ ਦੀ ਮੰਗ ਨੂੰ 30 ਤੋ 40 ਪ੍ਰਤੀਸ਼ਤ ਤੱਕ ਘਟਾਇਆ ਜਾ ਸਕਦਾ ਹੈ ਅਤੇ ਇਸ ਨਾਲ 15 ਹਜ਼ਾਰ ਟਨ ਦੇ ਕਰੀਬ ਕਾਰਬਨ-ਡਾਇਆਕਸਾਇਡ ਦੀ ਮਾਤਰਾ ਨੂੰ ਹਵਾ ਵਿੱਚ ਮਿਲਣ ਤੋ ਰੋਕਿਆ ਜਾ ਸਕਦਾ ਹੈ। ਇਸ ਟ੍ਰੇਨਿੰਗ ਸੈਮੀਨਾਰ ਵਿੱਚ ਊਰਜਾ ਮਾਹਿਰ ਅਨੁਰਾਗ ਵਾਜਪਾਈ ਅਤੇ ਮਿਨਾਕਸ਼ੀ ਕੰਧਾਰੀ ਵੱਲੋ ਈ.ਸੀ.ਬੀ.ਸੀ. ਕੋਡ ਅਤੇ ਇਸਦੇ ਪ੍ਰਸ਼ਾਸਨਿਕ ਇਸਤੇਮਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ, ਤਾਂ ਜੋ ਆਮ ਲੋਕਾਂ ਨੂੰ ਇਸਦੀ ਸੌਖੇ ਢੰਗ ਨਾਲ ਵਰਤੋ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਨਗਰ ਨਿਗਮ, ਲੋਕ ਨਿਰਮਾਣ ਵਿਭਾਗ, ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ/ਕ੍ਰਮਚਾਰੀਆਂ ਅਤੇ ਆਰਕੀਟੈਕਟਾਂ ਨੇ ਭਾਗ ਲਿਆ।


