ਦਾਜ-ਦਹੇਜ ਨੂੰ ਤਿਆਗ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ ਵਿਆਹ, ਸਾਦੇ ਵਿਆਹ ਦੀ ਇਲਾਕੇ ‘ਚ ਖੂਬ ਚਰਚਾ

ਬਾਘਾ ਪੁਰਾਣਾ,7 ਮਾਰਚ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਅੱਜ-ਕੱਲ ਦੇ ਪਦਾਰਥਵਾਦੀ ਯੁਗ ਵਿੱਚ ਜਿੱਥੇ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਿਕ ਸਮਾਗਮਾਂ ਵਿੱਚ ਵਿਖਾਵੇਬਾਜ਼ੀ ਅਤੇ ਫਜ਼ੂਲ ਖਰਚੀ ਦੀ ਹੋੜ ਲੱਗੀ ਹੋਈ ਹੈ ਉੱਥੇ ਅਨੇਕਾਂ ਗੁਰਸਿੱਖ ਪਰਿਵਾਰ ਅਜਿਹੇ ਵੀ ਹਨ ਜੋ ਇਸ ਨਜਾਇਜ਼ ਖਰਚੇ ਤੋਂ ਕਿਨਾਰਾਂ ਕਰਦਿਆਂ ਆਪਣੇ ਕਾਰਜ ਗੁਰਮਰਿਯਾਦਾ ਅਨੁਸਾਰ ਕਰਕੇ ਹੋਰਨਾਂ ਲਈ ਵੀ ਚਾਨਣ ਮੁਨਾਰਾ ਬਣਦੇ ਹਨ ਅਜਿਹੀ ਹੀ ਇੱਕ ਮਿਸਾਲ ਪਿੰਡ ਲੰਗੇਆਣਾ ਪੁਰਾਣਾ (ਮੋਗਾ) ਵਿਖੇ ਵੇਖਣ ਨੂੰ ਮਿਲੀ । ਸੱਚਖੰਡ ਵਾਸੀ ਸੰਤ ਬਾਬਾ ਪ੍ਰਤਾਪ ਸਿੰਘ ਦਮਦਮੀ ਟਕਸਾਲ ਲੰਗੇਆਣਾ ਪੁਰਾਣਾ ਦੇ ਸੇਵਕ ਭਾਈ ਨਿਰਮਲ ਸਿੰਘ ਦੀ ਲੜਕੀ ਅਮਨਦੀਪ ਕੌਰ ਦਾ ਆਨੰਦ ਕਾਰਜ ਭਾਈ ਬਲਕਾਰ ਸਿੰਘ ਦੇ ਸਪੁੱਤਰ ਭਾਈ ਅਮਰਜੀਤ ਸਿੰਘ ਪਿੰਡ ਸੁਖਨਾ (ਮੁਕਤਸਰ ਸਾਹਿਬ)ਨਾਲ ਬਿਲਕੁਲ ਸਾਦੇ ਢੰਗ ਅਤੇ ਪੂਰਨ ਗੁਰਮਰਿਯਾਦਾ ਅਨੁਸਾਰ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਪਿੰਡ ਲੰਗੇਆਣਾ ਪੁਰਾਣਾ (ਮੋਗਾ) ਵਿਖੇ ਹੋਇਆ ਵਰਣਯੋਗ ਹੈ ਕਿ ਇਸ ਸਮੇਂ ਕੋਈ ਫਾਲਤੂ ਰਸਮ ਨਹੀਂ ਹੋਈ ਅਤੇ ਨਾ ਹੀ ਦਾਜ-ਦਹੇਜ ਦਿੱਤਾ ਲਿਆ ਗਿਆ । ਲੜਕੇ ਵਾਲਿਆਂ ਵੱਲੋਂ ਸਿਰਫ ਗਿਣਤੀ ਦੇ ਵਿਆਕਤੀ ਹੀ ਬਰਾਤ ਵਿੱਚ ਪਹੁੰਚੇ ਅਤੇ ਸਾਰੇ ਬਰਾਤੀ ਪੂਰਨ ਗੁਰਸਿੱਖ ਸਨ ਅਤੇ ਸਮੁੱਚੀ ਬਰਾਤ ਨੇ ਲੰਗਰ ਗੁਰਦੁਆਰਾ ਸਾਹਿਬ ਵਿਖੇ ਪੰਗਤ ਵਿੱਚ ਬੈਠ ਕੇ ਛਕਿਆ। ਇਸ ਸਮੇਂ ਭਾਈ ਹੀਰਾ ਸਿੰਘ ਕੋਟਕਪੂਰਾ ਦੇ ਰਾਗੀ ਜੱਥੇ ਵੱਲੋਂ ਲਾਵਾਂ ਦਾ ਕੀਰਤਨ ਕੀਤਾ ਗਿਆ। ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪੋਤਰੇ ਭਾਈ ਅਵਤਾਰ ਸਿੰੰਘ,ਬਾਬਾ ਸੁਰਜੀਤ ਸਿੰਘ ਸੋਧੀ ਮੁੱਖ ਸੇਵਾਦਾਰ ਗੁਰਦੁਆਰਾ ਕਲਿਆਣਸਰ ਲਧਾਈ ਕੇ ਅਤੇ ਭਾਈ ਸਾਧੂ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਲੰਗੇਆਣਾ ਪੁਰਾਣਾ ਹੁਰਾਂ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੁਭਾਗੀ ਜੋੜੀ ਨੂੰ ਗੁਰਸਿੱਖੀ ’ਚ ਪਰਪੱਕ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ’ਤੇ ਕੋਈ ਬੈਂਡਵਾਜੇ ਜਾਂ ਭੰਗੜਾ ਨਹੀਂ ਪਾਇਆ ਗਿਆ ਸਿਰਫ ਗੁਰੂ ਦਾ ਜਸ ਹੀ ਗਾਇਆ ਗਿਆ। ਇਸ ਮੌਕੇ ਗਿਆਨੀ ਭਾਈ ਸਾਧੂ ਸਿੰਘ ਨੇ ਲਾਵਾਂ ਦਾ ਪਾਠ ਕੀਤਾ। ਇਸ ਮੌਕੇ ’ਤੇ ਬਾਬਾ ਗੁਰਦਿਆਲ ਸਿੰਘ,ਭਾਈ ਰਣਜੀਤ ਸਿੰਘ ਅਤੇ ਭਾਈ ਰਜਿੰਦਰ ਸਿੰਘ ਕੋਟਲਾ ਆਗੂ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਨੇ ਇਸ ਗੁਰਮਤਿ ਮਰਿਯਾਦਾ ਅਨੁਸਾਰ ਹੋਏ ਵਿਆਹ ਦੀ ਦੋਨਾਂ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਹੋਰਨਾਂ ਲੋਕਾਂ ਨੂੰ ਅਪੀਲ਼ ਕੀਤੀ ਕਿ ਉਹ ਇਸ ਵਿਆਹ ਤੋਂ ਪ੍ਰੇਰਨਾ ਲੈ ਕੇ ਫੋਕੀ ਸ਼ੋਸ਼ੇਬਾਜ਼ੀ ਛੱਡ ਕੇ ਸਾਦੇ ਵਿਆਹ ਕਰਨ ਤਾਂ ਕਿ ਦਾਹ-ਦਹੇਜ ਦੀ ਭੈੜੀ ਅਲਾਮਤ ਨੂੰ ਜੜੋਂਂ ਖਤਮ ਕਰਕੇ ਗੁਰੂ ਸਾਹਿਬਾਂ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਨਰੋਏ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਇਸ ਸਾਦੇ ਅਤੇ ਨਿਰੋਲ ਗੁਰਮਿਤ ਮਰਿਯਾਦਾ ਅਨੁਸਾਰ ਹੋਏ ਵਿਆਹ ਦੀ ਇਲਾਕੇ ਵਿੱਚ ਖੂਬ ਚਰਚਾ ਅਤੇ ਸ਼ਲਾਘਾ ਹੋ ਰਹੀ ਹੈ। ਇਸ ਮੌਕੇ ਭਾਈ ਸੁਖਦੇਵ ਸਿੰਘ ਵਡਾਲਾ ਦਮਦਮੀ ਟਕਸਾਲ,ਗਿਆਨੀ ਓਂਕਾਰ ਸਿੰਘ ਦਮਦਮੀ ਟਕਸਾਲ,ਗਿਆਨੀ ਬਲਵਿੰਦਰ ਸਿੰਘ ਦਮਦਮੀ ਟਕਸਾਲ,ਗਿਆਨੀ ਬਲਦੇਵ ਸਿੰਘ ਦਮਦਮੀ ਟਕਸਾਲ,ਭਾਈ ਜੋਗਾ ਸਿੰਘ ਕੇਨੈਡਾ,ਭਾਈ ਜਗਸੀਰ ਸਿੰਘ ਰੋਡੇ,ਭਾਈ ਲਖਵਿੰਦਰ ਸਿੰਘ ਗੁਰਦੁਆਰਾ ਨਾਢਾ ਸਾਹਿਬ,ਜੱਥੇਦਾਰ ਮਹਿੰਦਰ ਸਿੰਘ,ਭਾਈ ੁਜੁਗਰਾਜ ਸਿੰਘ ਮੈਂਬਰ,ਭਾਈ ਜਗਰੂਪ ਸਿੰਘ ਪ੍ਰਧਾਨ, ਸਰਪੰਚ ਜਰਨੈਲ ਸਿੰਘ,ਪਿੰਡ ਵਾਸੀ ਅਤੇ ਨਜਦੀਕੀ ਰਿਸ਼ਤੇਦਾਰ ਆਦਿ ਹਾਜ਼ਰ ਸਨ।


