ਫ਼ੱਕਰ ਬਾਬਾ ਦਾਮੂਸ਼ਾਹ ਲੁਹਾਰਾ ਵਿਖੇ 20 ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ, ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਦਿੱਤਾ ਅਸ਼ੀਰਵਾਦ

ਲੁਹਾਰਾ ,ਮੋਗਾ 9 ਮਾਰਚ (ਜਸ਼ਨ)-ਪੰਜਾਬ ਦੇ ਪ੍ਰਸਿੱਧ ਧਾਰਮਿਕ ਅਸਥਾਨ ਫ਼ੱਕਰ ਬਾਬਾ ਦਾਮੂਸ਼ਾਹ ਲੁਹਾਰਾ ਵਿਖੇ 36ਵਾਂ ਧਾਰਮਿਕ ਮੇਲਾ ਅੱਜ ਪੂਰੇ ਜੋਬਨ ’ਤੇ ਪਹੰੁਚ ਗਿਆ ਜਦੋਂ ਉਪ ਮੰਡਲ ਮੈਜਿਸਟਰੇਟ ਧਰਮਕੋਟ ਕਮ ਰਸੀਵਰ ਫ਼ੱਕਰ ਬਾਬਾ ਦਾਮੂਸ਼ਾਹ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਫ਼ੱਕਰ ਬਾਬਾ ਦਾਮੂਸ਼ਾਹ ਖੇਡ ਸਟੇਡੀਅਮ ਵਿਖੇ ਕਰਵਾਏ ਗਏ। ਉਪ ਮੰਡਲ ਮੈਜਿਸਟਰੇਟ ਕਮ ਰਸੀਵਰ ਧਰਮਕੋਟ ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ-ਰੇਖ ਹੇਠ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮਾਂ ਵਿਚ ਆਮ ਲੋਕ ਵੀ ਸ਼ਾਮਲ  ਹੋਏ। ਇਹ ਸਮੂਹਿਕ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਕੀਤੇ ਗਏ। ਇਸ ਸਮੇਂ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ  ਐਸ.ਡੀ.ਐਮ. ਧਰਮਕੋਟ ਕਮ ਰਸੀਵਰ ਗੁਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ ਸਾਦੇ ਵਿਆਹਾਂ ਦੇ ਸਮਾਗਮ ਨੂੰ ਦਾਨੀ ਸੱਜਣਾਂ ਅਤੇ ਆਮ ਲੋਕਾਂ ਵੱਲੋਂ ਭਰਵਾਂ ਹੰੁਗਾਰਾ ਦਿੱਤਾ ਗਿਆ ਹੈ। ਇਸ ਮੌਕੇ ਨਵੇਂ ਵਿਆਹੇ 20 ਜੋੜਿਆਂ ਨੂੰ ਘਰੇਲੂ ਲੋੜੀਂਦਾ ਸਮਾਨ ਵੀ ਦਿੱਤਾ ਗਿਆ। ਇਸ ਸਮਾਨ ਵਿਚ ਡਬਲ ਬੈੱਡ ਅਲਮਾਰੀ ,ਗੱਦੇ ,ਭਾਂਡੇ ,ਪੱਖੇ ਕੱਪੜੇ ਅਤੇ ਗੈਸ ਸਿਲੰਡਰ ਸਮੇਤ ਗੈਸ ਚੁੱਲਾ ਵੀ ਦਿੱਤਾ ਗਿਆ।  ਇਸ ਸਮੇਂ ਪ੍ਰਸ਼ਾਸਨ ਵਲੋਂ ਲਾੜੇ ਲਾੜੀਆਂ ਅਤੇ ਨਾਲ ਆਏ ਪਤਵੰਤਿਆਂ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਵਿਆਹ ਸਮਾਗਮਾਂ ਤੋਂ ਪਹਿਲਾਂ ਅਧਿਕਾਰੀਆਂ ਕਰਮਚਾਰੀਆਂ ਵਲੋਂ ਲਾੜੇ ਲਾੜੀ ਦੇ ਜਨਮ, ਉਮਰ ਸਬੰਧੀ ਕਾਗ਼ਜ਼ਾਤ,ਘਰ ਦਾ ਪਤਾ ਅਤੇ ਪਹਿਚਾਣ ਸਬੰਧੀ ਆਧਾਰ ਕਾਰਡ ਅਤੇ ਸਰਟੀਫਿਕੇਟ ਵੀ ਚੈੱਕ ਕੀਤੇ ਗਏ ਤਾਂ ਜੋ ਨਾਬਾਲਗ ਵਿਆਹ ਰੋਕਿਆ ਜਾ ਸਕੇ। ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਨਵੇਂ ਵਿਆਹੇ ਜੋੜਿਆਂ ਵਿਚੋਂ ਕਈ ਲੜਕੀਆਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਇਨੀ ਕੁ ਕਮਜ਼ੋਰ ਸੀ ਕਿ ਵਿਆਹ ਦਾ ਸਮਾਨ ਅਤੇ ਸਮਾਗਮ ਦਾ ਖਰਚ ਉਹਨਾਂ ਦੇ ਮਾਪਿਆਂ ਵੱਲੋਂ ਕਰਨਾ ਅਸੰਭਵ ਸੀ । ਕਈ ਲੜਕੀਆਂ ਦੇ ਮਾਪਿਆਂ ਦੇ ਆਪਸੀ ਸਬੰਧ ਸੁਖਾਲੇ ਨਾ ਹੋਣ ਜਾਂ ਬੇਰੋਜ਼ਗਾਰੀ ਵੀ ਉਹਨਾਂ ਦੇ ਵਿਆਹ ਵਿਚ ਰੁਕਾਵਟ ਬਣੀ ਹੋਈ ਸੀ । ਲੜਕੀਆਂ ਨਾਲ ਵਿਆਹੇ ਲਾੜਿਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ ਬਾਬਾ ਦਾਮੂੰਸ਼ਾਹ ਜੀ ਦੀ ਆਪਾਰ ਕਿਰਪਾ ਸਦਕਾ ਬਿੰਨਾ ਕਿਸੇ ਖਰਚੇ ਦੇ ਉਹਨਾਂ ਨੂੰ ਨਵਾਂ ਜੀਵਨ ਆਰੰਭ ਕਰਨ ਦਾ ਮੌਕਾ ਮਿਲਿਆ ਹੈ। ਬਰਾਤ ਵਿਚ ਆਏ ਬਜ਼ੁਰਗਾਂ ਦਾ ਆਖਣਾ ਸੀ ਕਿ ਪ੍ਰਸਾਸ਼ਨ ਵੱਲੋਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣ ਦਾ ਦੂਰਅੰਦੇਸ਼ੀ ਫੈਸਲਾ ਸ਼ਲਾਘਾਯੋਗ ਹੈ ਅਤੇ ਹੁਣ ਲੋੜ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਹਰ ਪਿੰਡ ਵਿਚ ਅਜਿਹੇ ਸਮਾਗਮ ਰਚਾ ਕੇ ਇਸ ਰੀਤ ਨੂੰ ਅੱਗੇ ਤੋਰਨ ।  ਇਸ ਸਮੇਂ ਡੀ.ਐਸ.ਪੀ. ਧਰਮਕੋਟ ਅਜੇ ਰਾਜ ਸਿੰਘ, ਤਹਿਸੀਲਦਾਰ ਰਮੇਸ਼ ਕੁਮਾਰ, ਦਵਿੰਦਰ ਸਿੰਘ ਤੂਰ ਈ.ਓ. ਨਗਰ ਪੰਚਾਇਤ, ਸੋਢੀ ਰਾਮ ਐਸ.ਡੀ.ਓ., ਸੈਨੇਟਰੀ ਇੰਸਪੈਕਟਰ ਜਗਰਾਜ ਸਿੰਘ, ਰਸ਼ਪਾਲ ਸਿੰਘ ਹੇਰ, ਪਟਵਾਰੀ ਨਿਰਵੈਰ ਸਿੰਘ ਬਰਾੜ , ਸੁਰਿੰਦਰ ਸ਼ਰਮਾ ਇੰਸਪੈਕਟਰ, ਦਲਜੀਤ ਸਿੰਘ ਏ.ਐਫ.ਐਸ.ਓ. ਧਰਮਕੋਟ, ਡਾ. ਲਖਬੀਰ ਬਾਵਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।