ਮਾਮੇ ਦੇ ਲੜਕੇ ਵੱਲੋਂ ਭੂਆ ਦੇ ਲੜਕੇ ਦਾ ਕਤਲ,ਸਿਰ ‘ਚ ਕੈਂਚੀ ਮਾਰ ਕੀਤਾ ਕਤਲ, ਤਿੰਨ ਨਾਮਜ਼ਦ

ਮੋਗਾ, 10 ਮਾਰਚ (ਜਸ਼ਨ) :ਮੋਗਾ ਜ਼ਿਲੇ ਦੇ ਪਿੰਡ ਚੰਨੂਵਾਲਾ ਦੀ ਨਹਿਰ ਨੇੜੇ ਮਾਮੇ ਦੇ ਲੜਕੇ ਵੱਲੋਂ ਆਪਣੇ ਦੋਸਤਾਂ ਨਾਲ ਮਿਲਕੇ ਭੂਆ ਦੇ ਲੜਕੇ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਤਲ ਦੇ ਪਿੱਛੇ ਨੌਜਵਾਨਾਂ ਵੱਲੋਂ ਬੇਤਹਾਸ਼ਾ ਸੋਸ਼ਲ ਮੀਡੀਏ ਦੀ ਵਰਤੋਂ ਨੂੰ ਸਮਝਿਆ ਜਾ ਰਿਹਾ ਹੈ ਕਿਉਂਕਿ ਚਰਚਾ ਇਸ ਗੱਲ ਦਾ ਹੈ ਕਿ ਕਾਤਲ ਸਮਝੇ ਜਾਂਦੇ ਨੌਜਵਾਨ ਨੂੰ ਸ਼ੱਕ ਸੀ ਕਿ ਉਸ ਦੀ ਭੂਆ ਦਾ ਮੰੁਡਾ ਕਾਤਲ ਦੀ ਭੈਣ ਨੂੰ ਵਟਸਐਪ ’ਤੇ ਅਸ਼ਲੀਲ ਸੁਨੇਹੇ ਘੱਲਦਾ ਸੀ। ਇਸ ਸਬੰਧੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੁਮਾਰ ਪੁੱਤਰ ਅਜੀਤ ਸਿੰਘ ਵਾਸੀ ਗਲੀ ਨੰਬਰ 5 ਲੁਧਿਆਣਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਸ ਦਾ ਲੜਕਾ ਅਜੇ ਕੁਮਾਰ (26) ਨੂੰ ਵਿਜੇ ਕੁਮਾਰ ਵਾਸੀ ਮੁਗਲੂ ਪੱਤੀ ਬਾਘਾਪੁਰਾਣਾ ਜੋ ਉਸ ਦੇ ਸਾਲੇ ਦਾ ਲੜਕਾ ਹੈ, ਨੇ 5 ਮਾਰਚ ਨੂੰ ਮਿਲਣ ਲਈ ਬੁਲਾਇਆ ਜਦ ਉਸ ਦਾ ਲੜਕਾ ਅਜੇ ਕੁਮਾਰ ਆਪਣੀ ਕਾਰ ਤੇ ਸਵਾਰ ਹੋਕੇ ਮਿਲਣ ਜਾ ਰਿਹਾ ਸੀ ਤਾਂ ਇਸ ਦੌਰਾਨ ਵਿਜੇ ਕੁਮਾਰ, ਫਤੇਹ ਸਿੰਘ ਵਾਸੀ ਬਾਘਾਪੁਰਾਣਾ ਤੇ ਬਿੱਟੂ ਉਰਫ ਬੁੱਟਰ ਵਾਸੀ ਫੇਬੋਵਾਲਾ ਭਾਈਆਂ (ਲੁਧਿਆਣਾ) ਨੇ ਉਸ ਦੇ ਲੜਕੇ ਨੂੰ ਰਸਤੇ ਵਿੱਚ ਹੀ ਰੋਕ ਕੇ ਉਸ ਦੀ ਕਾਰ ਖੋਹ ਲਈ ਤੇ ਉਸ ਨੂੰ ਪਿੰਡ ਚੰਨੂਵਾਲਾ ਪੁਲ ਨਹਿਰ ਕੋਲ ਲੈ ਗਏ ਤੇ ਉਸ ਦੀ ਕੁੱਟਮਾਰ ਕੀਤੀ ਤੇ ਕੱਪੜੇ ਲਾਹ ਕੇ ਨੰਗਾ ਕਰਕੇ ਉਸ ਦੀ ਵੀਡੀਓ ਬਣਾਈ ਅਤੇ ਬਾਅਦ ਵਿੱਚ ਉਹਨਾਂ ਨੇ ਅਜੇ ਕੁਮਾਰ ਦੇ ਸਿਰ ਵਿੱਚ ਕੈਂਚੀ ਮਾਰ ਕੇ ਮੌਕੇ ‘ਤੇ ਹੀ ਮਾਰ ਦਿੱਤਾ ਤੇ ਲਾਸ਼ ਖੁਰਦ-ਬੁਰਦ ਕਰ ਦਿੱਤੀ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਖਿਲਾਫ ਅ/ਧ 302,201,379-ਬੀ ਆਈ.ਪੀ.ਸੀ. ਅਤੇ 67 ਆਈ.ਟੀ. ਐਕਟ ਤਹਿਤ ਥਾਣਾ ਬਾਘਾਪੁਰਾਣਾ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਬੀਤੀ 9 ਮਾਰਚ ਨੂੰ ਪੁਲਿਸ ਨੇ ਚੰਨੂੰਵਾਲਾ ਨਹਿਰ ਵਿਚੋਂ ਲਾਸ਼ ਬਰਾਮਦ ਕਰ ਲਈ ਹੈ ਪਰ ਅਜੇ ਤੱਕ ਕੋਈ ਗਿ੍ਰਫਤਾਰੀ ਨਹੀਂ ਹੋਈ ।


