ਇੰਡੋ ਅਮੈਰੀਕਨ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਾ ਦਿੱਤੇ ਜਾਣ ਦੇ ਵਿਰੋਧ ’ਚ ਪੰਜਾਬ ਸਟੂਡੈਂਟਸ ਯੂਨੀਅਨ ਨੇ ਲਾਇਆ ਧਰਨਾ

ਮੋਗਾ, 12 ਮਾਰਚ (ਪੱਤਰ ਪਰੇਰਕ ) -ਇੰਡੋ ਅਮੈਰੀਕਨ ਕਾਲਜ ਆਫ ਨਰਸਿੰਗ ਮੋਗਾ ਦੇ ਵਿਦਿਆਰਥੀਆਂ ਨੂੰ ਉਨਾਂ ਦੇ ਸਰਟੀਫਿਕੇਟ ਨਾ ਦਿੱਤੇ ਜਾਣ ਤੇ ਵਿਦਿਆਰਥੀਆਂ ਨੂੰ ਕਥਿਤ ਤੌਰ ’ਤੇ ਜਲੀਲ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਇੰਡੋ ਅਮੇਰੀਕਨ ਕਾਲਜ ਆਫ ਨਰਸਿੰਗ ਮੋਗਾ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ  ਆਗੂਆਂ ਨੇ ਦੱਸਿਆ ਕਿ ਮਨਪ੍ਰੀਤ ਕੌਰ ਸਮਾਧ ਭਾਈ, ਕਮਲਪ੍ਰੀਤ ਕੌਰ ਪਿੰਡ ਵਾੜਾ ਜਿਲਾ ਫਿਰੋਜ਼ਪੁਰ, ਪਵਨਦੀਪ ਕੌਰ ਕੁਹਾਲਾ ਜਿਲਾ ਫਿਰੋਜ਼ਪੁਰ ਵਲੋਂ ਕਾਲਜ ਦੇ ਚੇਅਰਮੈਨ ਪਾਸੋਂ ਆਪਣੇ ਸਰਟੀਫਿਕੇਟ ਮੰਗੇ ਜਾਣ ਤੇ ਜਿਥੇ ਉਨਾਂ ਵਿਦਿਆਰਥੀਆਂ ਨੂੰ ਕਚਹਿਰੀਆਂ ਵਿੱਚ 5 ਸਾਲ ਖੱਜਲ ਕਰਨ ਲਈ ਕਥਿਤ ਤੌਰ ’ਤੇ ਧਮਕਾਇਆ ਗਿਆ ਉਥੇ ਹੀ ਇਨਾਂ ਤੋਂ ਕਾਲਜ ਅਨੁਸਾਰ ਫੀਸਾਂ ਭਰੇ ਜਾਣ ਦੇ ਬਾਵਜੂਦ 1 ਲੱਖ 50 ਹਜਾਰ ਦੀ ਵਾਧੂ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਵਿੱਚ ਇਨਾਂ ਵਿਦਿਆਰਥੀਆਂ ਵਲੋਂ ਡਿਪਟੀ ਕਮਿਸ਼ਨਰ ਮੋਗਾ ਤੇ ਐਸ.ਐਸ.ਪੀ ਮੋਗਾ ਨੂੰ ਲਿਖਤ ਸ਼ਿਕਾਇਤ ਵੀ ਕੀਤੀ ਗਈ ਪਰ ਚੇਅਰਮੈਨ ਦੇ ਰਸੂਖ ਕਾਰਨ ਜਿਲਾ ਪ੍ਰਸਾਸ਼ਨ ਵਲੋਂ ਕੋਈ ਕਾਰਵਾਈ ਨਹੀ ਕੀਤੀ ਗਈ। ਇਸ ਜ਼ਿਆਦਤੀ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ , ਲੋਕ ਇਨਸਾਫ ਪਾਰਟੀ ਅਤੇ ਪੀ ਐੱਸ ਯੂ ਦੇ ਆਗੂਆਂ ਵਲੋਂ ਵਿਦਿਆਰਥੀਆਂ ਨੂੰ ਇਨਸਾਫ ਦਿਵਾਉਣ ਲਈ ਕਾਲਜ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ । ਆਗੂਆਂ ਨੇ ਕਿਹਾ ਕਿ ਇਕ ਪਾਸੇ ਸਰਕਾਰਾਂ ‘ਬੇਟੀ ਬਚਾਓ ਬੇਟੀ ਪੜਾਓ’ ਦਾ ਢਿਡੋਰਾ ਪਿੱਟ ਰਹੀਆਂ ਹਨ ਪਰ ਦੂਜੇ ਪਾਸੇ ਇਨਾਂ ਨਿੱਜੀ ਕਾਲਜਾਂ ਹੱਥੋਂ ਵਿਦਿਆਰਥੀਆਂ ਦੀ ਅੰਨੀ ਲੁੱਟ ਕਰਵਾਈ ਜਾ ਰਹੀ ਹੈ ਤੇ ਪੰਜਾਬ ਦੀ ਨੌਜਵਾਨੀ ਨੂੰ ਸਿੱਖਿਆ ਤੇ ਰੁਜ਼ਗਾਰ ਤੋਂ ਵਿਹੂਣਾ ਕੀਤਾ ਜਾ ਰਿਹਾ ਹੈ । ਅੱਜ ਦੇ ਧਰਨੇ ਉਪਰੰਤ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਚੇਅਰਮੈਨ ਵਲੋਂ 13 ਮਾਰਚ ਨੂੰ ਸਰਟੀਫਿਕੇਟ ਦੇਣ ਦਾ ਭਰੋਸਾ ਦਿਵਾਇਆ ਗਿਆ ਪਰ ਨਾਲ ਹੀ ਵਿਦਿਆਰਥੀਆਂ ਨੂੰ ਕਚਹਿਰੀਆਂ ਵਿਚ ਘੜੀਸਣ ਦੀ ਕਥਿਤ ਧਮਕੀ ਵੀ ਦਿੱਤੀ ਗਈ। ਵਿਦਿਆਰਥੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਚੇਅਰਮੈਂਨ ਵਲੋਂ 13 ਮਾਰਚ ਨੂੰ ਸਰਟੀਫਿਕੇਟ ਨਾ ਦਿੱਤੇ ਗਏ ਤਾਂ ਵਿਦਿਆਰਥੀਆਂ ਦੇ ਹੱਕਾਂ ਦੀ ਪ੍ਰਾਪਤੀ ਲਈ ਤਿੱਖਾ ਸੰਘਰਸ਼ ਵਿਢਿਆ ਜਾਵੇਗਾ। ਜਦੋਂ ਇਸ ਮਾਮਲੇ ਸਬੰਧੀ ਇੰਡੋ ਅਮੈਰੀਕਨ ਕਾਲਜ ਆਫ ਨਰਸਿੰਗ ਦੇ ਚੇਅਰਮੈਨ ਪਾਸੋਂ ਪੱਖ ਜਾਨਣ ਲਈ ਉਹਨਾਂ ਦੇ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਫੋਨ ਨਹੀਂ ਉਠਾਇਆ ਜਦਕਿ ਧਰਨੇ ਸਮੇਂ ਵੀ ਚੇਅਰਮੈਨ ਨੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।